ਗੁਰਦਾਸਪੁਰ, 20 ਮਈ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਦਊਵਾਲ ਵਿਖੇ ਬੀਤੇ ਕੱਲ੍ਹ ਇਕ ਘਰ ਵਿਚ ਦੁਪਹਿਰ 1.30 ਵਜੇ ਦੇ ਕਰੀਬ ਲੁਟੇਰੇ ਕਿਸਮ ਦੇ ਵਿਅਕਤੀਆਂ ਨੇ ਇਕ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਹੈ | ਪਿੰਡ ਦਾਊਵਾਲ ਦੇ ਸਰਪੰਚ ਬਲਵਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਦੀ ਅਚਾਨਕ ਮੌਤ ਹੋ ਜਾਣ ਕਾਰਨ ਉਹ ਪਰਿਵਾਰ ਸਮੇਤ ਘਰ ਨੂੰ ਤਾਲੇ ਮਾਰ ਕੇ ਦਰਿਆ ਬਿਆਸ ਤੋਂ ਪਾਰਲੇ ਪਿੰਡ ਕੋਹਲੀਆਂ ਗਏ ਸੀ ਕਿ ਸਸਕਾਰ ਤੋਂ ਬਾਅਦ ਜਦੋਂ ਉਨ੍ਹਾ ਦੇ ਪਿਤਾ ਘਰ ਪੁੱਜੇ ਤਾਂ ਦੇਖਿਆ ਕਿ ਘਰ ਦਾ ਤਾਲਾ ਟੁੱਟਾ ਸੀ ਤੇ ਘਰ ਦੀਆਂ ਅਲਮਾਰੀਆਂ ਬੈੱਡ ਆਦਿ 'ਚੋਂ ਸਾਰਾ ਸਮਾਨ ਖਿੱਲਰਿਆ ਸੀ | ਉਨ੍ਹਾਂ ਦੇ ਪਿਤਾ ਨੇ ਫੋਨ ਕਰਕੇ ਦੱਸਿਆ ਕਿ ਘਰ ਚੋਰਾਂ ਨੇ ਵੱਡਾ ਨੁਕਸਾਨ ਕਰ ਦਿੱਤਾ ਹੈ | ਸਰਪੰਚ ਨੇ ਪਰਿਵਾਰ ਸਮੇਤ ਘਰ ਆ ਕੇ ਛਾਣਬੀਣ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਰੀਬ 15 ਤੋਲੇ ਸੋਨੇ ਦੇ ਗਹਿਣੇ ਅਤੇ ਘਰ ਅੰਦਰ ਰੱਖੀ ਪੰਜ ਲੱਖ ਰੁਪਏ ਚੋਰ ਚੋਰੀ ਕਰਕੇ ਲੈ ਗਏ ਹਨ | ਸਰਪੰਚ ਨੇ ਭਰੇ ਮਨ ਨਾਲ ਦੱਸਿਆ ਕਿ ਇਕ ਤਾਂ ਉਨ੍ਹਾਂ ਦੀ ਭੈਣ ਦੀ ਅਚਾਨਕ ਮੌਤ ਹੋ ਜਾਣ ਕਾਰਨ ਪਰਿਵਾਰ ਸਦਮੇ ਵਿਚ ਸੀ ਅਤੇ ਉੱਪਰੋਂ ਚੋਰਾਂ ਵਲੋਂ ਦਿਨ ਦਿਹਾੜੇ ਘਰ ਅੰਦਰ ਡਾਕਾ ਮਾਰਨਾ ਵਰਗੀ ਵਾਰਦਾਤ ਨੂੰ ਅੰਜਾਮ ਦੇ ਕੇ ਆਰਥਿਕ ਪੱਖੋਂ ਉਨ੍ਹਾਂ ਦਾ ਲੱਕ ਹੀ ਤੋੜ ਦਿੱਤਾ ਹੈ | ਇਲਾਕੇ ਅੰਦਰ ਨਿੱਤ ਹੋ ਰਹੀਆਂ ਚੋਰੀਆਂ ਕਾਰਨ ਲੋਕ ਕਾਫ਼ੀ ਸਹਿਮੇ ਹੋਏ ਨਜ਼ਰ ਆ ਰਹੇ ਹਨ | ਪਰ ਪੁਲਿਸ ਅਜੇ ਤੱਕ ਕਿਸੇ ਵੀ ਚੋਰ ਨੂੰ ਫੜਨ ਵਿਚ ਸਫਲ ਨਹੀਂ ਹੋ ਸਕੀ | ਦੂਸਰੇ ਪਾਸੇ ਪੁਲਿਸ ਵਲੋਂ ਕੁਝ ਚੋਰਾਂ ਨੰੂ ਕਾਬੂ ਕਰਨ ਦੀ ਇਲਾਕੇ ਅੰਦਰ ਚਰਚਾ ਚੱਲ ਰਹੀ ਹੈ | ਪਰ ਸ਼ਾਲਾ ਪੁਲਿਸ ਇਸ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ | ਇਸ ਮਾਮਲੇ ਸਬੰਧੀ ਜਦੋਂ ਡੀ.ਐਸ.ਪੀ ਰਜਿੰਦਰ ਮਿਨਹਾਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਚੋਰਾਂ ਨੂੰ ਜਲਦ ਕਾਬੂ ਕਰਕੇ ਕਟਹਿਰੇ ਵਿਚ ਪੇਸ਼ ਕੀਤਾ ਜਾਵੇਗਾ |