ਬਟਾਲਾ, 21 ਮਈ (ਸਤਿੰਦਰ ਸਿੰਘ)-ਬਟਾਲਾ ਪੁਲਿਸ ਵਲੋਂ ਐਸ.ਐਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਦੀ ਅਗਵਾਈ ਵਿਚ ਕਰਿਆਨਾ ਸਟੋਰ ਮਾਲਕ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਐਸ.ਪੀ. ਸੰਦੀਪ ਵਢੇਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 8 ਮਈ ਨੂੰ ਐਮ.ਐਸ. ਸੋਢੀ ਕਰਿਆਨਾ ਸਟੋਰ ਦੇ ਮਾਲਕ ਸੰਜੀਵ ਕੁਮਾਰ ਨੂੰ ਕਰੀਬ 6:00 ਵਜੇ ਸ਼ਾਮ ਵਿਦੇਸ਼ ਦੇ ਨੰਬਰ ਤੋਂ ਪੈਸਿਆਂ ਦੀ ਮੰਗ ਕਰਦਿਆਂ ਧਮਕੀ ਭਰੀ ਕਾਲ ਆਈ ਸੀ ਅਤੇ ਅਗਲੇ ਦਿਨ 9 ਮਈ ਨੂੰ ਕਰੀਬ 3:30 ਵਜੇ ਸੰਜੀਵ ਕੁਮਾਰ ਆਪਣੀ ਦੁਕਾਨ ਦੇ ਅੰਦਰ ਬੈਠਾ ਸੀ ਕਿ 2 ਅਛਪਛਾਤੇ ਨੌਜਵਾਨ ਦੁਕਾਨ ਦੇ ਅੰਦਰ ਆਏ ਉਸ 'ਤੇ ਪਿਸਤੌਲ ਨਾਲ ਗੋਲੀਆਂ ਮਾਰਨ ਲੱਗੇ, ਪਰ ਉਹ ਕਾਮਯਾਬ ਨਹੀਂ ਹੋ ਸਕੇ ਤੇ ਉਹ ਮੌਕੇ ਤੋਂ ਭੱਜ ਗਏ | ਇਸ ਸਬੰਧੀ ਪੁਲਿਸ ਵਲੋਂ ਮੁਕੱਦਮਾ ਦਰਜ ਕਰਕੇ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਤੇ ਅੱਗੇ ਜਾਂਚ ਸ਼ੁਰੂ ਕੀਤੀ | ਕੀਤੀ ਗਈ ਜਾਂਚ ਦੌਰਾਨ ਗੋਲੀਆਂ ਮਾਰਨ ਆਏ ਕਿ੍ਸਜੀਤ ਸਿੰਘ ਉਰਫ ਕਿ੍ਸ ਪੁੱਤਰ ਹਰਜੀਤ ਸਿੰਘ ਵਾਸੀ ਫਤਿਆਬਾਦ ਥਾਣਾ ਗੋਇੰਦਵਾਲ ਤੇ ਰਵੀ ਸਿੰਘ ਉਰਫ ਰਵੀ ਪੁੱਤਰ ਚਰਨਜੀਤ ਸਿੰਘ ਵਾਸੀ ਫਤਿਆਬਾਦ ਥਾਣਾ ਗੋਇੰਦਵਾਲ ਦੀ ਪਹਿਚਾਣ ਕੀਤੀ ਗਈ ਅਤੇ ਕਿ੍ਸਜੀਤ ਸਿੰਘ ਨੂੰ ਇਸ ਮਾਮਲੇ 'ਚ ਗਿ੍ਫਤਾਰ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਕਿ੍ਸਜੀਤ ਸਿੰਘ ਨੇ ਮੰਨਿਆ ਕਿ ਰਵੀ ਉਕਤ ਹੀ ਇਸ ਨੂੰ ਵਾਰਦਾਤ ਕਰਨ ਲਈ ਨਾਲ ਲੈ ਕੇ ਆਇਆ ਸੀ ਤੇ ਦੂਸਰੇ ਸ਼ੂਟਰ ਰਵੀ ਦੀ ਆਪਸ ਵਿਚ ਰੰਜਿਸ ਬਾਜ਼ੀ ਹੋਣ ਕਰਕੇ ਗੋਲੀ ਲੱਗਣ ਕਰ ਕੇ ਮੌਤ ਹੋ ਚੁੱਕੀ ਹੈ, ਇਹ ਵਾਰਦਾਤ ਵਿਦੇਸ਼ ਬੈਠੇ ਸ਼ਰਾਰਤੀ ਅਨਸਰ ਦੇ ਕਹਿਣ 'ਤੇ ਪੈਸਿਆਂ ਬਦਲੇ ਕੀਤੀ ਹੈ ਤੇ ਉਸ ਨੇ ਹੀ ਇਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ | ਉਨ੍ਹਾਂ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਅਜੇ ਚੱਲ ਰਾਹੀ ਹੈ ਤੇ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ |