ਗੁਰਦਾਸਪੁਰ, 21 ਮਈ (ਚੱਕਰਾਜਾ)-ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਦੀ ਅਗਵਾਈ ਹੇਠ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਬੱਬੇਹਾਲੀ ਵਲੋਂ ਅੱਜ ਨਸ਼ਿਆਂ ਖ਼ਿਲਾਫ਼ ਜੰਗ ਤਹਿਤ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ | ਇਸ ਰੈਲੀ ਨੂੰ ਸਹਾਇਕ ਕਮਿਸ਼ਨਰ (ਜ) ਕੁਲਦੀਪ ਚੰਦ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਰੋਮੇਸ਼ ਮਹਾਜਨ, ਬਖ਼ਸ਼ੀ ਰਾਜ, ਸਟਾਫ ਮੈਂਬਰ, ਯੂਥ ਵਲੰਟੀਅਰ ਤੇ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ | ਇਸ ਰੈਲੀ ਵਿਚ 45 ਸਾਈਕਲ ਸਵਾਰਾਂ ਅਤੇ 155 ਨੌਜਵਾਨਾਂ ਸਮੇਤ ਰੈੱਡ ਕਰਾਸ ਸੈਂਟਰ ਦੇ ਸਮੂਹ ਸਟਾਫ ਨੇ ਭਾਗ ਲਿਆ | ਇਹ ਰੈਲੀ ਰੈੱਡ ਕਰਾਸ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ 'ਚ ਨਸ਼ਾ ਮੁਕਤ ਪੰਜਾਬ ਦਾ ਸੰਦੇਸ਼ ਦਿੰਦੀ ਹੋਈ ਤਿੱਬੜ ਕੈਨਾਲ ਪੁਲ 'ਤੇ ਸਮਾਪਤ ਹੋਈ | ਮੁੱਖ ਮਹਿਮਾਨ ਕੁਲਦੀਪ ਚੰਦ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਮਾਜ ਨੂੰ ਇਕੱਠੇ ਹੋ ਕੇ ਮੁਹਿੰਮ ਚਲਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਪ੍ਰਭਾਵਸ਼ਾਲੀ ਤੇ ਪੇ੍ਰਰਨਾਦਾਇਕ ਹੈ | ਉਨ੍ਹਾਂ ਨੇ ਇਲਾਜ ਅਧੀਨ ਮਰੀਜ਼ਾਂ ਨਾਲ ਗੱਲਬਾਤ ਕੀਤੀ ਤੇ ਕੇਂਦਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਵਿਜ਼ਟਰ ਬੁੱਕ ਵਿਚ ਆਪਣੇ ਵਿਚਾਰ ਦਰਜ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਮੈਂ ਇੱਥੇ ਆ ਕੇ ਬਹੁਤ ਹੀ ਸਕਾਰਾਤਮਕ ਮਹਿਸੂਸ ਕਰ ਰਿਹਾ ਹਾਂ ਅਤੇ ਪ੍ਰਭਾਵਿਤ ਹਾਂ | ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਰੋਮੇਸ਼ ਮਹਾਜਨ ਨੂੰ ਚੰਗੀ ਸਿਹਤ ਬਖ਼ਸ਼ੇ | ਅੰਤ ਵਿਚ ਰੋਮੇਸ਼ ਮਹਾਜਨ ਨੇ ਮੁੱਖ ਮਹਿਮਾਨ, ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਸਾਈਕਲ ਸਵਾਰਾਂ, ਯੂਥ ਵਲੰਟੀਅਰਾਂ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ |