ਬਟਾਲਾ, 22 ਮਈ (ਸਤਿੰਦਰ ਸਿੰਘ)-ਗੁਰੂ ਨਾਨਕ ਕਾਲਜ ਬਟਾਲਾ ਵਿਖੇ ਦਾਖ਼ਲਾ ਲੈਣ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਕਾਲਜ ਵਿਖੇ ਸੈਸ਼ਨ 2026-27 ਸੰਬੰਧੀ ਵੱਖ-ਵੱਖ ਕੋਰਸਾਂ ਲਈ ਦਾਖ਼ਲਾ ਸ਼ੁਰੂ ਚੁੱਕਾ ਹੈ, ਜਿਸ ਸਬੰਧੀ ਕਾਲਜ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਅੰਮਿ੍ਤਧਾਰੀ ਵਿਦਿਆਰਥੀਆਂ ਨੂੰ 5500, 8500 ਅਤੇ 10500 ਰੁਪਏ ਦੇ ਵਿਸ਼ੇਸ਼ ਵਜ਼ੀਫ਼ੇ ਦਿੱਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਤੋਂ ਮਾਨਤਾ ਪ੍ਰਾਪਤ ਅਤੇ ਪਿਛਲੇ ਸਾਢੇ ਪੰਜ ਦਹਾਕਿਆਂ ਤੋਂ ਗਿਆਨ ਦੀ ਰੌਸ਼ਨੀ ਨਾਲ ਸਮਾਜ ਦੇ ਹਰ ਵਰਗ ਦੇ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਦੀ ਸਿੱਖਿਆ ਮੁਹੱਈਆ ਕਰਵਾ ਰਿਹਾ ਹੈ | ਕਾਲਜ ਦੇ ਪਿ੍ੰਸੀਪਲ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਉੱਚ ਸਿੱਖਿਆ ਦੇ ਖੇਤਰ 'ਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲਾ ਗੁਰੂ ਨਾਨਕ ਕਾਲਜ ਬਟਾਲਾ ਇਨ੍ਹਾਂ ਦਿਨਾਂ 'ਚ ਦਾਖ਼ਲਿਆਂ ਲਈ ਵਿਦਿਆਰਥੀਆਂ ਦੀ ਪਹਿਲੀ ਪਸੰਦ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ ਤੇ ਇਲਾਕੇ ਭਰ ਤੋਂ ਵਿਦਿਆਰਥੀ ਤੇ ਮਾਪੇ ਕਾਲਜ 'ਚ ਦਾਖ਼ਲਾ ਕਰਵਾਉਣ ਲਈ ਪਹੁੰਚ ਰਹੇ ਹਨ | ਪਿ੍ੰਸੀਪਲ ਡਾ. ਚਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਐੱਸ.ਸੀ. ਅਤੇ ਬੀ.ਸੀ. ਵਰਗ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਰਿਆਇਤਾਂ, ਮੈਰਿਟ ਹੋਲਡਰਾਂ, ਖਿਡਾਰੀਆਂ ਤੇ ਸੱਭਿਆਚਾਰਕ-ਧਾਰਮਿਕ ਗਤੀਵਿਧੀਆਂ ਵਿਚ ਮਾਣ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਫ਼ੀਸਾਂ 'ਚ ਵਿਸ਼ੇਸ਼ ਛੋਟਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਤੋਂ ਪੜ੍ਹੇ ਵਿਦਿਆਰਥੀਆਂ ਲਈ 10 ਫ਼ੀਸਦੀ ਫ਼ੀਸ ਛੂਟ ਵੀ ਵਿਸ਼ੇਸ਼ ਆਕਰਸ਼ਣ ਬਣੀ ਹੋਈ ਹੈ | ਕਾਲਜ ਦਾ ਸ਼ਾਂਤਮਈ ਤੇ ਅਨੁਕੂਲ ਅਕਾਦਮਿਕ ਮਾਹੌਲ, ਆਧੁਨਿਕ ਸਾਇੰਸ ਤੇ ਕੰਪਿਊਟਰ ਲੈਬਾਂ, ਸਮਾਰਟ ਕਲਾਸ ਰੂਮ, ਵਿਸ਼ਾਲ ਖੇਡ ਮੈਦਾਨ ਅਤੇ ਅਧੁਨਿਕ ਲਾਇਬ੍ਰੇਰੀ ਵਿਦਿਆਰਥੀਆਂ ਨੂੰ ਖਾਸ ਤੌਰ 'ਤੇ ਆਕਰਸ਼ਿਤ ਕਰ ਰਹੇ ਹਨ | ਲਾਇਬ੍ਰੇਰੀ 'ਚ ਹਰ ਵਿਸ਼ੇ ਨਾਲ ਸੰਬੰਧਤ ਪੁਸਤਕਾਂ ਦਾ ਵਿਸ਼ਾਲ ਭੰਡਾਰ ਮੌਜ਼ੂਦ ਹੈ, ਜਦਕਿ ਮਾਤਾ ਸੁਲੱਖਣੀ ਜੀ ਸੈਮੀਨਾਰ ਹਾਲ, ਲੜਕੀਆਂ ਲਈ ਕਾਮਨ ਰੂਮ ਅਤੇ ਸੁਵਿਧਾਜਨਕ ਕੰਟੀਨ ਵਰਗੀਆਂ ਸਹੂਲਤਾਂ ਕਾਲਜ ਦੀ ਵਿਲੱਖਣਤਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ | ਖੇਡਾਂ ਦੇ ਖੇਤਰ ਵਿਚ ਵੀ ਕਾਲਜ ਆਪਣੀ ਵੱਖਰੀ ਪਛਾਣ ਰੱਖਦਾ ਹੈ, ਜਿੱਥੇ ਵਾਲੀਬਾਲ, ਬੈਡਮਿੰਟਨ ਤੇ ਕਿ੍ਕਟ ਦੀਆਂ ਟੀਮਾਂ ਨੂੰ ਮਾਹਿਰ ਕੋਚਾਂ ਵਲੋਂ ਸਿਖਲਾਈ ਦਿੱਤੀ ਜਾਂਦੀ ਹੈ | ਪਿ੍ੰਸੀਪਲ ਡਾ. ਸੰਧੂ ਨੇ ਕਿਹਾ ਕਿ ਮਿਹਨਤੀ, ਤਜ਼ਰਬੇਕਾਰ ਤੇ ਵਚਨਬੱਧ ਅਧਿਆਪਕ ਸਟਾਫ਼ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ |