ਬਟਾਲਾ, 24 ਮਈ (ਸਤਿੰਦਰ ਸਿੰਘ)-ਨਗਰ ਨਿਗਮ ਚੋਣਾਂ ਬਟਾਲਾ ਸਬੰਧੀ ਲੋਕਾਂ 'ਚ ਵਿਆਹ ਵਰਗਾ ਮਾਹੌਲ ਹੈ ਤੇ ਸ਼ਹਿਰ ਅੰਦਰ ਵਿਕਾਸ ਕਾਰਜਾਂ ਨੂੰ ਹੋਰ ਹੁਲਾਰਾ ਦੇਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਵਾਰਡਾਂ ਦੇ ਵਸਨੀਕ ਪੱਬਾਂਭਾਰ ਹਨ | ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ 'ਚ ਚੋਣਾਂ ਨੂੰ ਲੋਕਤੰਤਰ ਦੇ ਤਿਉਹਾਰ ਵਾਂਗ ਮਨਾ ਕੇ ਵਾਰਡ ਨੰਬਰ 14 ਦੇ 'ਆਪ' ਉਮੀਦਵਾਰ ਸ਼ਾਰਦਾ ਸਹਿਦੇਵ ਨੇ ਕੀਤੀ ਮਿਸਾਲ ਕਾਇਮ ਹੈ | ਉਨ੍ਹਾਂ ਵਲੋਂ ਵਾਰਡ ਨੰਬਰ 14 ਵਿਚ ਜਾਗੋ ਕੱਢੀ ਗਈ, ਜਿਸ ਵਿਚ ਮਹਿਲਾਵਾਂ ਤੇ ਬੱਚਿਆਂ ਨੇ ਵੀ ਵਧ ਚੜ੍ਹ ਕੇ ਹਿੱਸਾ ਪਾਇਆ ਹੈ | ਵਾਰਡ ਨੰਬਰ 14 ਦੇ 'ਆਪ' ਉਮੀਦਵਾਰ ਸ਼ਾਰਦਾ ਸਹਿਦੇਵ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲੇ 'ਚ ਕਰਵਾਏ ਵਿਕਾਸ ਤੇ ਅਗਲੇ ਸਮੇਂ ਵਿਚ ਕਰਵਾਏ ਜਾਣ ਵਾਲੇ ਕੰਮਾਂ ਅੱਗੇ ਵਿਰੋਧੀ ਪਾਰਟੀਆਂ ਕੋਲ ਕੋਈ ਜਵਾਬ ਨਹੀਂ ਹੈ | ਉਨ੍ਹਾਂ ਕਿਹਾ ਕਿ ਸੜਕਾਂ, ਸਟਰੀਟ ਲਾਈਟਾਂ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਵਿਧਾਇਕ ਸ਼ੈਰੀ ਕਲਸੀ ਵਲੋਂ ਕੀਤੇ ਸਾਰਥਕ ਉਪਰਾਲੇ ਲੋਕਾਂ ਦੇ ਸਾਹਮਣੇ ਹਨ | ਉਨ੍ਹਾਂ ਕਿਹਾ ਕਿ ਵਾਰਡ ਵਾਸੀ 'ਆਪ' ਦੀ ਨਗਰ ਨਿਗਮ ਬਣਾਉਣ ਦਾ ਮਨ ਬਿਠਾਈ ਬੈਠੇ ਹਨ ਤੇ 26 ਮਈ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਵਿਕਾਸ ਕਾਰਜਾਂ 'ਤੇ ਮੋਹਰ ਲਾਉਣਗੇ | ਉਨ੍ਹਾਂ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਨੇ ਬਿਨ੍ਹਾਂ ਪੱਖਪਾਤ ਦੇ ਵਿਕਾਸ ਕੰਮ ਕਰਵਾਏ ਹਨ ਤੇ ਦੂਜੀਆਂ ਪਾਰਟੀਆਂ ਕੋਲ ਕੇਵਲ ਦੂਸ਼ਣਬਾਜ਼ੀ ਹੈ, ਜਿਸ ਨੂੰ ਲੋਕਾਂ ਪਹਿਲਾਂ ਵੀ ਨਕਾਰਿਆ ਹੈ ਅਤੇ ਹੁਣ ਵੀ ਨਕਾਰ ਦੇਣਗੇ |