ਬਟਾਲਾ, 25 ਮਈ (ਸਤਿੰਦਰ ਸਿੰਘ)-ਵੁੱਡ ਬਲਾਜ਼ਮ ਸਕੂਲ ਬਟਾਲਾ ਦੀ ਜਮਾਤ ਐਫ.ਐਸ.-2 ਵਿਦਿਆਰਥੀਆਂ ਦਾ ਸੁਪਰ ਮਾਰਕਿਟ ਦਾ ਦੌਰਾ ਕਰਵਾਇਆ ਗਿਆ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਬਹੁਤ ਹੀ ਰੌਚਕ ਤੇ ਸਿੱਖਣਯੋਗ ਅਨੁਭਵ ਰਿਹਾ | ਬੱਚਿਆਂ ਨੇ ਸੁਪਰ ਮਾਰਕਿਟ ਦੇ ਵੱਖ-ਵੱਖ ਭਾਗਾਂ ਦਾ ਦੌਰਾ ਕੀਤਾ ਤੇ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ, ਉਨ੍ਹਾਂ ਦੀਆਂ ਸ਼੍ਰੇਣੀਆਂ ਤੇ ਖਰੀਦਦਾਰੀ ਨਾਲ ਜੁੜੀਆਂ ਬੁਨਿਆਦੀ ਜਾਣਕਾਰੀਆਂ ਬਾਰੇ ਸਿੱਖਿਆ ਪ੍ਰਾਪਤ ਕੀਤੀ | ਇਸ ਦੌਰਾਨ ਬੱਚਿਆਂ ਨੇ ਫਲ, ਸਬਜ਼ੀਆਂ, ਡੇਅਰੀ ਉਤਪਾਦ, ਖਿਡੌਣੇ ਤੇ ਹੋਰ ਘਰੇਲੂ ਸਾਮਾਨ ਨੂੰ ਬੜੀ ਉਤਸੁਕਤਾ ਨਾਲ ਦੇਖਿਆ ਤੇ ਪਛਾਣਿਆ | ਅਧਿਆਪਕਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਵਸਤੂਆਂ ਨੂੰ ਕਿਵੇਂ ਚੁਣਿਆ ਜਾਂਦਾ ਹੈ ਤੇ ਉਨ੍ਹਾਂ ਦੀ ਵਰਤੋਂ ਕਿੱਥੇ ਹੁੰਦੀ ਹੈ | ਸਕੂਲ ਦੇ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ, ਅਕੈਡਮਿਕ ਡਾਇਰੈਕਟਰ ਵਸੁਧਾ ਸ਼ਰਮਾ, ਮੁੱਖ ਅਧਿਆਪਕਾ ਗੁਰਮੀਨ ਕੌਰ ਨੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਬੱਚਿਆਂ ਦੀ ਸਰਬਪੱਖੀ ਵਿਕਾਸ ਲਈ ਪ੍ਰਯੋਗਾਤਮਕ ਸਿੱਖਿਆ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਨਵੀਆਂ ਤੇ ਰਚਨਾਤਮਕ ਸਿੱਖਣ ਗਤੀਵਿਧੀਆਂ ਨਾਲ ਜੋੜਨ ਲਈ ਵਚਨਬੱਧ ਹੈ |