ਬਟਾਲਾ, 27 ਮਈ (ਸਤਿੰਦਰ ਸਿੰੰਘ)-ਬਟਾਲਾ ਦੇ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਤੇ ਦਿਨ ਜੋ ਨਗਰ ਨਿਗਮ ਚੋਣਾਂ ਦਾ ਕੰਮ ਜੋ ਅਮਨ-ਅਮਾਨ ਨਾਲ ਮੁਕੰਮਲ ਹੋਇਆ ਹੈ, ਉਸ ਵਿਚ ਜਿੱਥੇ ਵੋਟਰਾਂ ਦਾ ਧੰਨਵਾਦ ਕਰਦਾ ਹਾਂ, ਉਥੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਨ੍ਹਾਂ ਚੋਣਾਂ ਵਿਚ ਬਹੁਤ ਮਿਹਨਤ ਕੀਤੀ | ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਨਗਰ ਨਿਗਮ ਚੋਣਾਂ 'ਚ ਕਾਂਗਰਸ ਤੇ ਭਾਜਪਾ ਦਾ ਸਿੱਧੇ ਤੌਰ 'ਤੇ ਗੱਠਜੋੜ ਨਜ਼ਰ ਆਇਆ, ਕਿਉਂਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ 20 ਨੰਬਰ ਵਾਰਡ ਤੋਂ ਚੋਣ ਲੜ ਰਹੇ ਸਨ, ਉਸ ਵਾਰਡ ਤੋਂ ਕਾਂਗਰਸ ਵਲੋਂ ਆਪਣਾ ਉਮੀਦਵਾਰ ਖੜ੍ਹਾ ਨਾ ਕਰਨਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਭਾਜਪਾ ਤੇ ਕਾਂਗਰਸ ਨੇ ਇਕ-ਦੂਜੇ ਦੇ ਉਮੀਦਵਾਰਾਂ ਦੀ ਮਦਦ ਕੀਤੀ | ਇਸ ਤਰ੍ਹਾਂ ਕਾਂਗਰਸ ਤੇ ਭਾਜਪਾ ਵਾਲੇ ਗੱਠਜੋੜ ਨਾਲ ਚੋਣ ਲੜੇ ਹਨ | ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਹੋਰ ਵੀ ਕਈ ਅਜਿਹੀਆਂ ਵਾਰਡਾਂ ਹਨ, ਜਿੱਥੇ ਭਾਜਪਾ ਅਤੇ ਕਾਂਗਰਸ ਦੀ ਮਿਲੀਭੁਗਤ ਪੂਰੀ ਤਰ੍ਹਾਂ ਜੱਗ ਜਾਹਿਰ ਹੋਈ, ਲੇਕਿਨ ਬਟਾਲਾ ਦਾ ਵੋਟਰ ਬੜਾ ਹੀ ਸੂਝਵਾਨ ਤੇ ਸਮਝਦਾਰ ਹੈ, ਜਿਸ ਨੇ ਆਮ ਆਦਮੀ ਪਾਰਟੀ ਦੇ ਵਿਕਾਸ ਨੂੰ ਦੇਖਦੇ ਖੁੱਲ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਸਮਰਥਨ, ਜਿਸ ਦਾ ਨਤੀਜਾ ਕੱਲ੍ਹ 29 ਮਈ ਨੂੰ ਸਾਰਿਆਂ ਦੇ ਸਾਹਮਣੇ ਹੋਵੇਗਾ | ਉਨ੍ਹਾਂ ਕਿਹਾ ਕਿ ਬਟਾਲਾ ਦੇ ਲੋਕਾਂ ਨੇ ਸਾਬਿਤ ਕੀਤਾ ਹੈ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹਨ ਤੇ ਲੋਕ ਖੁੱਲ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਨਿੱਤਰੇ | ਕਾਂਗਰਸ ਅਤੇ ਭਾਜਪਾ 'ਤੇ ਵਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਲੋਕਾਂ ਨੇ ਇਨ੍ਹਾਂ ਨੂੰ 2022 ਵਿਚ ਨਾਕਾਰ ਦਿੱਤਾ ਸੀ ਅਤੇ ਲੋਕਾਂ ਨੇ ਨਗਰ ਨਿਗਮ ਚੋਣਾਂ ਵਿਚ ਵੀ ਇਨ੍ਹਾਂ ਦੇ ਭੁਲੇਖੇ ਦੂਰ ਕਰ ਦਿੱਤੇ ਹਨ | ਉਨਾਂ ਕਿਹਾ ਕਿ ਅੱਜ ਲੋਕ ਕਾਂਗਰਸ ਤੇ ਭਾਜਪਾ ਦੀ ਗੰਦੀ ਰਾਜਨੀਤੀ ਨੂੰ ਨਾਕਾਰ ਕੇ ਆਮ ਆਦਮੀ ਪਾਰਟੀ ਦੀ ਵਿਕਾਸ ਦੀ ਰਾਜਨੀਤੀ ਨੂੰ ਕਬੂਲ ਕਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਦੋਂ ਆਪ ਦਾ ਮੇਅਰ ਹੋਵੇਗਾ ਤਾਂ ਬਟਾਲਾ ਅੰਦਰ ਵਿਕਾਸ ਦੀ ਰਫਤਾਰ ਦੋਗੁਣੀ ਹੋਵੇਗੀ |