ਧਾਰੀਵਾਲ, 27 ਮਈ (ਸਵਰਨ ਸਿੰਘ)-ਚੋਣ ਡਿਊਟੀ 'ਤੇ ਮੋਟਸਾਈਕਲ ਉੱਪਰ ਨਗਰ ਕੌਂਸਲ ਚੋਣਾਂ ਲਈ ਸਾਮਾਨ ਲੈਣ ਗੁਰਦਾਸਪੁਰ ਜਾ ਰਹੇ ਈ.ਟੀ.ਟੀ. ਅਧਿਆਪਕ ਸੈਮਸਨ ਹੰਸ ਦਾ ਧਾਰੀਵਾਲ ਬਾਈਪਾਸ 'ਤੇ ਇਕ ਕਾਰ ਨਾਲ ਹੋਏ ਹਾਦਸੇ ਵਿਚ ਭਾਰੀ ਸੱਟਾਂ ਲੱਗ ਗਈਆਂ ਹਨ | ਅਧਿਆਪਕ ਗੁਰਦਾਸਪੁਰ ਇਕ ਨਿੱਜੀ ਹਸਪਤਾਲ ਵਿਚ ਦਾਖਲ ਹੈ | ਡਾਕਟਰਾਂ ਅਨੁਸਾਰ ਉਸ ਦੀ ਖੱਬੀ ਲੱਤ ਟੁੱਟ ਗਈ ਹੈ ਅਤੇ ਸਰੀਰ 'ਤੇ ਹੋਰ ਵੀ ਸੱਟਾਂ ਲੱਗੀਆਂ ਹਨ | ਅਧਿਆਪਕ ਸੈਮਸਨ ਹੰਸ ਦੇ ਦੱਸਣ ਮੁਤਾਬਿਕ ਉਸ ਦੀ 3-3 ਥਾਈਾ ਜਨਗਨਣਾ, ਨਸ਼ਾ ਤੇ ਆਰਥਿਕ ਸਰਵੇ ਤੇ ਚੋਣਾਂ ਵਿਚ ਡਿਊਟੀ ਲਗਾਈ ਗਈ ਸੀ | ਚੋਣਾਂ ਤੋਂ ਇਕ ਦਿਨ ਪਹਿਲਾਂ ਉਹ ਆਪਣੇ ਮੋਟਰਸਾਈਕਲ 'ਤੇ ਗੁਰਦਾਸਪੁਰ ਚੋਣ ਡਿਊਟੀ 'ਤੇ ਜਾ ਰਿਹਾ ਸੀ ਕਿ ਅਚਾਨਕ ਇਕ ਕਾਰ ਨਾਲ ਉਸ ਦਾ ਹਾਦਸਾ ਵਾਪਰ ਗਿਆ | ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਪੁਰੋਵਾਲ, ਈ.ਟੀ.ਟੀ. ਅਧਿਆਪਕ ਯੂਨੀਅਨ ਬਲਾਕ ਪ੍ਰਧਾਨ ਸਰਬਜੀਤ ਸਿੰਘ ਚੌਧਰਪੁਰ, ਬਲਾਕ ਪ੍ਰਧਾਨ ਵਿਜੇ ਲੂਣਾ, ਪੰਜਾਬ ਸੁਬਾਰਡੀਨੇਟ ਸਰਵਿਸਜ ਫ਼ੈਡਰੇਸ਼ਨ ਦੇ ਪ੍ਰਧਾਨ ਅਨਿਲ ਕੁਮਾਰ ਲਾਹੌਰੀਆ, ਰਾਜਿੰਦਰ ਕੁਮਾਰ ਅਤੇ ਜਗਦੀਸ ਰਾਜ ਬੈਂਸ ਆਦਿ ਨੇ ਅਧਿਆਪਕ ਦਾ ਹਾਲ ਜਾਣਿਆ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਧਿਆਪਕ ਦੀ ਸਾਰ ਲਈ ਜਾਵੇ | ਉਸ ਦਾ ਸਾਰਾ ਇਲਾਜ ਪ੍ਰਸ਼ਾਸਨ ਆਪਣੇ ਖਰਚੇ 'ਤੇ ਕਰਵਾਏ | ਆਗੂਆਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਵਲੋਂ ਕੋਈ ਵੀ ਉੱਚ ਅਧਿਕਾਰੀ ਅਧਿਆਪਕ ਦਾ ਹਾਲ ਜਾਨਣ ਲਈ ਨਹੀਂ ਪੁੱਜਾ | ਆਗੂਆਂ ਨੇ ਕਿਹਾ ਕਿ ਅਧਿਆਪਕਾਂ ਤੋਂ 3-3 ਡਿਊਟੀਆਂ ਲੈਣੀਆਂ ਕਿਸੇ ਤਰਾਂ ਵੀ ਵਾਜਿਬ ਨਹੀਂ ਹੈ | ਇਕ ਸਮੇਂ 'ਤੇ ਕੇਵਲ ਇਕ ਹੀ ਡਿਊਟੀ ਲਈ ਜਾਣੀ ਚਾਹੀਦੀ ਹੈ | ਆਗੂਆਂ ਨੇ ਦੱਸਿਆ ਕਿ ਜਨਗਨਣਾ, ਚੋਣ ਡਿਊਟੀ ਸਬੰਧੀ ਸਮੂਹ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਅਧਿਆਪਕਾਂ ਦੀਆਂ ਡਿਊਟੀਆਂ ਜਨਗਨਣਾ ਅਤੇ ਚੋਣਾਂ ਵਿਚ ਦੂਰ-ਦੁਰਾਡੇ ਲਗਾਈਆਂ ਗਈਆਂ ਹਨ, ਜਿਸ ਨਾਲ ਜਿੱਥੇ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ, ਉੱਥੇ ਅਧਿਆਪਕ ਵੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਏ ਹਨ |