ਗੁਰਦਾਸਪੁਰ, 27 ਮਈ (ਚੱਕਰਾਜਾ)-ਸਥਾਨਕ ਸ਼ਹਿਰ ਦੇ ਗੀਤਾ ਭਵਨ ਰੋਡ ਸਥਿਤ ਹਾਰਡਵੇਅਰ ਦੀ ਦੁਕਾਨ ਦੇ ਬਾਹਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਅੱਗ ਨਾਲ ਹਾਰਡਵੇਅਰ ਦੀ ਦੁਕਾਨ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ | ਦੁਕਾਨਦਾਰ ਰਾਹੁਲ ਅਨੁਸਾਰ ਉਨ੍ਹਾਂ ਦੀ ਗੀਤਾ ਭਵਨ ਰੋਡ 'ਤੇ ਰਮਨ ਪਲਾਈ ਵੁੱਡ ਨਾਮ ਦੀ ਦੁਕਾਨ ਹੈ ਤੇ ਰਿਹਾਇਸ਼ ਵੀ ਦੁਕਾਨ ਦੇ ਉੱਪਰ ਹੀ ਹੈ ਕਿ ਰਾਤ 2 ਵਜੇ ਦੇ ਕਰੀਬ ਉਨ੍ਹਾਂ ਨੂੰ ਅਚਾਨਕ ਮਹਿਸੂਸ ਹੋਇਆ ਕਿ ਕੁਝ ਸੜ ਰਿਹਾ ਹੈ ਤੇ ਦੁਕਾਨ ਅੰਦਰੋਂ ਧੰੂਆਂ ਉੱਠ ਰਿਹਾ ਸੀ ਤਾਂ ਉਹ ਤੁਰੰਤ ਬਾਹਰ ਆਏ ਤੇ ਦੇਖਿਆ ਕਿ ਦੁਕਾਨ ਦੇ ਬਾਹਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗੀ ਹੋਈ ਸੀ | ਉਨ੍ਹਾਂ ਨੇ ਤੁਰੰਤ ਫਾਇਰ ਬਿ੍ਗੇਡ ਅਤੇ ਪਾਵਰਕਾਮ ਨੂੰ ਸੂਚਿਤ ਕੀਤਾ | ਪਰ ਦੁਕਾਨ ਦੇ ਅੰਦਰ ਰੱਖਿਆ ਕੈਮੀਕਲ, ਫੈਵੀਕੋਲ ਤੇ ਪਲਾਈ ਵੁੱਡ ਦਾ ਸਮਾਨ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ | ਕਰੀਬ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਫਾਇਰ ਬਿ੍ਗੇਡ ਨੇ ਅੱਗ 'ਤੇ ਕਾਬੂ ਪਾਇਆ ਤੇ ਨਜ਼ਦੀਕ ਦੀਆਂ ਦੁਕਾਨਾਂ ਤੇ ਰਿਹਾਇਸ਼ਾਂ ਦਾ ਨੁਕਸਾਨ ਹੋਣ ਤੋਂ ਬਚਾਅ ਲਿਆ | ਦੁਕਾਨਦਾਰ ਅਨੁਸਾਰ ਉਸ ਦਾ 30 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ ਤੇ ਦੁਕਾਨ ਦੀ ਇਮਾਰਤ ਦਾ ਜੋ ਨੁਕਸਾਨ ਹੋਇਆ ਹੈ, ਉਹ ਵੱਖਰਾ ਹੈ, ਜਿਸ ਦਾ ਜਿੰਮੇਵਾਰ ਪਾਵਰਕਾਮ ਹੈ | ਦੁਕਾਨਦਾਰ ਨੇ ਦੋਸ਼ ਲਗਾਇਆ ਕਿ ਪਾਵਰਕਾਮ ਨੂੰ ਸੂਚਿਤ ਕਰਨ ਦੇ ਬਾਵਜੂਦ ਡੇਢ ਘੰਟੇ ਤੱਕ ਸਪਲਾਈ ਬੰਦ ਨਹੀਂ ਕੀਤੀ ਗਈ | ਜਿਸ ਕਾਰਨ ਵੱਡਾ ਨੁਕਸਾਨ ਹੋਇਆ ਹੈ ਤੇ ਜੇਕਰ ਸਮੇਂ ਸਿਰ ਸਪਲਾਈ ਬੰਦ ਕਰ ਦਿੱਤੀ ਜਾਂਦੀ ਤਾਂ ਤਾਰਾਂ 'ਤੇ ਲੱਗੀ ਅੱਗ ਜ਼ਿਆਦਾ ਨਾ ਫੈਲਦੀ | ਫਾਇਰ ਬਿ੍ਗੇਡ ਦੇ ਕਰਮਚਾਰੀ ਨੇ ਦੱਸਿਆ ਕਿ ਦੁਕਾਨ ਅੰਦਰ ਕੈਮੀਕਲ ਤੇ ਫੈਵੀਕੋਲ ਹੋਣ ਕਾਰਨ ਦੁਕਾਨ 'ਚ ਲੱਗੀ ਅੱਗ ਤੇਜ਼ੀ ਨਾਲ ਫੈਲੀ ਸੀ | ਜਿਸ ਕਾਰਨ ਸਮਾਨ ਤਾਂ ਬਚਾਇਆ ਨਹੀਂ ਜਾ ਸਕਿਆ | ਪਰ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਕੇ ਨਜ਼ਦੀਕੀ ਰਿਹਾਇਸ਼ੀ ਇਲਾਕਾ ਅਤੇ ਦੁਕਾਨਾਂ ਨੂੰ ਸੜਨ ਤੋਂ ਬਚਾਅ ਲਿਆ ਗਿਆ ਹੈ |