ਡੇਰਾ ਬਾਬਾ ਨਾਨਕ, 27 ਮਈ (ਵਿਜੇ ਸ਼ਰਮਾ)-ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ 'ਸਿੱਖੀ ਸੇਵਾ ਮਿਸ਼ਨ ਯੂ.ਕੇ.' ਵਲੋਂ ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਲਗਾਏ ਜਾ ਰਹੇ ਮੁਫ਼ਤ ਅੱਖਾਂ ਦੇ ਕੈਂਪਾਂ ਦੀ ਲੜੀ ਤਹਿਤ ਪਿੰਡ ਠੱਕਰਵਾਲ ਤੇ ਸ਼੍ਰੀ ਰਾਮਪੁਰ ਵਿਖੇ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ ਡੇਰਾ ਬਾਬਾ ਨਾਨਕ' ਦੇ ਪ੍ਰਬੰਧਾਂ ਹੇਠ ਅੱਖਾਂ ਦਾ ਕੈਂਪ ਲਗਾਇਆ ਗਿਆ | ਮਿਸ਼ਨ ਦੇ ਚੇਅਰਮੈਨ ਬਾਬਾ ਬਲਬੀਰ ਸਿੰਘ ਬੇਦੀ 16ਵੀਂ ਪੀੜੀ ਗੁਰੂ ਨਾਨਕ ਅੰਸ-ਬੰਸ ਸ੍ਰੀ ਚੋਲਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਕੈਂਪ ਦੌਰਾਨ ਡਾਕਟਰ ਨਰਿੰਦਰ ਕੁਮਾਰ ਵਲੋਂ ਆਧੁਨਿਕ ਤਕਨੀਕ ਨਾਲ 145 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੇ ਜਾਣ ਉਪਰੰਤ ਮਿਸ਼ਨ ਵਲੋਂ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਤੇ ਦਵਾਈਆਂ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਮਿਸ਼ਨ ਵਲੋਂ 2 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਵਾਏ ਜਾਣ ਨੂੰ ਵੀ ਮਨਜੂਰੀ ਦਿੱਤੀ ਗਈ ਹੈ | ਜ਼ਿਕਰਯੋਗ ਹੈ 'ਸਿੱਖੀ ਸੇਵਾ ਮਿਸ਼ਨ ਯੂ.ਕੇ.' ਦੇ ਚੇਅਰਮੈਨ ਰਾਜਬੀਰ ਸਿੰਘ ਕੁਲਾਰ ਵਲੋਂ ਹਰ ਮਹੀਨੇ ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਲੜੀਵਾਰ 2 ਕੈਂਪ ਲਗਾਏ ਜਾਂਦੇ ਹਨ, ਜਿਸ ਦੌਰਾਨ ਜਿੱਥੇ ਮਰੀਜ਼ਾਂ ਦੀ ਆਧੁਨਿਕ ਮਸ਼ੀਨਾਂ ਨਾਲ ਅੱਖਾਂ ਦਾ ਜਾਂਚ ਕੀਤੀ ਜਾਂਦੀ ਹੈ, ਉਥੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਤੇ ਦਵਾਈਆਂ ਦੀ ਵੰਡ ਤੋਂ ਇਲਾਵਾ ਅੱਖਾਂ ਦੇ ਰੱਖ ਰਖਾਵ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ | ਇਸ ਮੌਕੇ ਪਾਲ ਸਿੰਘ, ਮੁਖਤਿਆਰਾ ਸਿੰਘ, ਬਲਵਿੰਦਰ ਕੌਰ, ਰੂਪ ਸਿੰਘ, ਗੁਰਨੂਰ ਸਿੰਘ ਆਦਿ ਹਾਜ਼ਰ ਸਨ |