ਧਾਰੀਵਾਲ, 29 ਮਈ (ਜੇਮਸ ਨਾਹਰ, ਸਵਰਨ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਪੈਂਦੇ ਸ਼ਹਿਰ ਧਾਰੀਵਾਲ ਵਿਖੇ 13 ਵਾਰਡਾਂ 'ਤੇ ਨਗਰ ਕੌਂਸਲ ਦੀਆਂ ਚੋਣਾਂ 26 ਮਈ ਨੂੰ ਹੋਈਆਂ ਸਨ, ਜਿਨ੍ਹਾਂ ਦੇ ਆਏ ਅੱਜ ਗਿਣਤੀ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ 7 ਸੀਟਾਂ 'ਤੇ ਜਿੱਤ ਦਰਜ ਕੀਤੀ, ਜਦ ਕਿ ਕਾਂਗਰਸ ਪਾਰਟੀ ਨੇ 2 ਸੀਟਾਂ, ਸ਼੍ਰੋਮਣੀ ਅਕਾਲੀ ਦਲ ਨੇ 2 ਅਤੇ ਭਾਜਪਾ 1 ਸਮੇਤ 1 ਆਜ਼ਾਦ ਉਮੀਦਵਾਰ ਨੇ ਜਿੱਤ ਹਸਲ ਕੀਤੀ ਹੈ, ਜਿਨ੍ਹਾਂ ਵਿਚ ਵਾਰਡ ਨੰਬਰ 1 ਤੋਂ ਆਪ ਦੇ ਪਰਵੀਨ ਮਲਹੋਤਰਾ, ਵਾਰਡ 2 ਤੋਂ ਭਾਜਪਾ ਦੇ ਸੁਨੀਲ ਕੁਮਾਰ, ਵਾਰਡ ਨੰਬਰ 3 ਤੋਂ 'ਆਪ' ਦੇ ਜੋਤੀ ਬਾਲਾ ਜੇਤੂ ਰਹੇ, 4 ਨੰਬਰ ਤੋਂ ਆਪ ਦੇ ਮਨਦੀਪ ਕੌਰ, ਵਾਰਡ ਨੰ: 5 ਕਾਂਗਰਸ ਦੇ ਰਾਜਪਾਲ ਕੌਰ, ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਵਲੋਂ ਰਮੇਸ਼ ਮੇਸ਼ਾ, ਵਾਰਡ ਨੰਬਰ 7 ਤੋਂ ਕਾਂਗਰਸ ਦੇ ਰੇਖਾ ਸਿਆਲ, ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ਵਨੀ ਕੁਮਾਰ ਹੈਪੀ ਦੁੱਗਲ, ਵਾਰਡ ਨੰਬਰ 9 ਤੋਂ ਆਪ ਦੇ ਸੁਖਵਿੰਦਰ ਕੌਰ ਬਾਜਵਾ, ਵਾਰਡ ਨੰਬਰ 10 ਤੋਂ ਆਪ ਦੇ ਦੀਪਕ ਕੁਮਾਰ ਰਿੰਟੂ ਅਤੇ ਵਾਰਡ ਨੰਬਰ 11 ਸ਼ੋ੍ਰਮਣੀ ਅਕਾਲੀ ਦਲ ਦੀ ਸਨੀਤਾ ਗਿੱਲ ਤੇ 12 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਮਾਊਨ ਹੰਸ, ਵਾਰਡ 13 ਤੋਂ ਆਜ਼ਾਦ ਉਮੀਦਵਾਰ ਵਜੋਂ ਸ਼ਮਸ਼ੇਰ ਸਿੰਘ ਹੈਪੀ ਬਾਜਵਾ ਜੇਤੂ ਰਹੇ | ਇਸ ਉਪਰੰਤ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਮੌਕੇ 'ਤੇ ਪਹੁੰਚ ਕੇ ਆਪਣੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਗੁਰੂ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹਿਰ ਵਿਚ ਰੋਡ ਸ਼ੋਅ ਕੱਢਿਆ | ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਵੀ ਖ਼ਾਸ ਤੌਰ 'ਤੇ ਪਹੁੰਚ ਕੇ ਅਕਾਲੀ ਦਲ ਦੇ ਜੇਤੂ 2 ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਹਰ ਸਮੇਂ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹੇ ਰਹਿਣਗੇ | ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਵਿਕਾਸ ਲਈ ਪੈਸੇ ਦੇਵੇ ਚਾਹੇ ਨਾ ਦੇਵੇ, ਉਹ ਜੇਬ ਵਿਚੋਂ ਵੀ ਜੋ ਪੈਸਾ ਖਰਚ ਕਰ ਕੇ ਵਾਰਡਾਂ ਦਾ ਵਿਕਾਸ ਕਰਵਾਉਣਗੇ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਇਸ ਮੌਕੇ ਧਾਰੀਵਾਲ ਸ਼ਹਿਰ ਵਿਚ ਜਿੱਤੇ ਹੋਏ 'ਆਪ', ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਸਮੇੇਤ ਹੋਰ ਜਿੱਤੇ ਉਮੀਦਵਾਰਾਂ ਵਿਚ ਭਾਰੀ ਖੁਸ਼ੀ ਦੀ ਲਹਿਰ ਪਈ ਜਾ ਰਹੀ ਹੈ |