ਗੁਰਦਾਸਪੁਰ, 29 ਮਈ (ਅਸ਼ੋਕ ਸ਼ਰਮਾ)-ਚਾਵਾ ਨੰਗਲ ਦੀ ਜ਼ਮੀਨ ਨੰੂ ਜਾਂਦਾ 4 ਕਰਮਾ ਰਸਤਾ ਕੁੱਝ ਕਿਸਾਨਾਂ ਨੇ ਆਪਣੇ ਖੇਤਾਂ 'ਚ ਜਬਰੀ ਮਿਲਾ ਲਿਆ ਹੈ | ਜਿਸ ਕਾਰਨ ਬਾਕੀ ਕਿਸਾਨਾਂ ਨੰੂ ਆਪਣੀ ਫ਼ਸਲ ਦੀ ਢੋਆ ਢੁਆਈ ਸਮੇਂ ਪ੍ਰੇਸ਼ਾਨੀ ਪੇਸ਼ ਆ ਰਹੀ ਹੈ | ਕਿਸਾਨਾਂ ਨੇ ਜਦੋਂ ਜ਼ਮੀਨ ਦੀ ਨਿਸ਼ਾਨਦੇਹੀ ਦੀ ਮਿਣਤੀ ਕਰਨੀ ਹੋਵੇ ਤਾਂ ਇਥੇ ਲੜਾਈ ਝਗੜੇ ਦੀ ਸਥਿਤੀ ਪੈਦਾ ਹੋ ਜਾਂਦੀ ਹੈ | ਇਸ ਸਬੰਧੀ ਕਿਸਾਨਾਂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਭਾਰਤ ਪਾਕਿ ਵੰਡ ਤੋਂ ਪਹਿਲਾਂ ਹੀ ਜ਼ਮੀਨ ਨੰੂ ਜਾਣ ਵਾਲਾ ਕੱਚਾ ਰਸਤਾ 22 ਫੁੱਟ ਦੇ ਕਰੀਬ ਸੀ | ਪਰ ਕਿਸਾਨਾਂ ਵਲੋਂ ਰਸਤੇ 'ਤੇ ਕਬਜ਼ਾ ਕਰਨ ਕਰਕੇ ਛੋਟੇ ਕਿਸਾਨਾਂ ਨੰੂ ਫ਼ਸਲ ਕੱਢਣ ਵੇਲੇ ਕਾਫ਼ੀ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ ਅਤੇ ਬਰਸਾਤੀ ਦਿਨਾਂ ਵਿਚ ਰਸਤੇ 'ਚ ਪਾਣੀ ਖੜ੍ਹਾ ਹੋਣ ਕਾਰਨ ਕਿਸਾਨਾਂ ਨੰੂ ਟਰੈਕਟਰ ਟਰਾਲੀਆਂ ਖੇਤਾਂ ਵਿਚੋਂ ਕੱਢਣ ਵੇਲੇ ਨੁਕਸਾਨ ਚੁੱਕਣਾ ਪੈਂਦਾ ਹੈ ਅਤੇ ਮਸ਼ੀਨਰੀ ਦੀ ਟੁੱਟ ਭੱਜ ਹੋ ਜਾਂਦੀ ਹੈ | ਜਦੋਂ ਕਿ ਮਾਲ ਮਹਿਕਮਾ ਸਭ ਕੁਝ ਜਾਣਦੇ ਹੋਏ ਮੂਕ ਦਰਸ਼ਕ ਬਣਿਆ ਹੈ | ਉਨ੍ਹਾਂ ਕਿਹਾ ਕਿ ਰਸਤਾ ਕਿਸਾਨਾਂ ਵਲੋਂ ਦੱਬੇ ਜਾਣ ਕਾਰਨ ਮਾਲ ਮਹਿਕਮੇ ਨੰੂ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ ਅਤੇ ਜਿਹੜੀਆਂ ਪੁਰਾਣੀਆਂ ਬੁਰਜੀਆਂ ਹਨ, ਉਹ ਕਿਸਾਨਾਂ ਨੇ ਖੇਤਾਂ ਵਿਚੋਂ ਗ਼ਾਇਬ ਕਰ ਦਿੱਤੀਆਂ ਹਨ | ਜਦੋਂ ਕਿ ਸਿਰਫ਼ ਮਾਲ ਮਹਿਕਮੇ ਕੋਲ ਹੀ ਰਿਕਾਰਡ ਬੋਲਦਾ ਹੈ | ਇਲਾਕੇ ਦੇ ਕਿਸਾਨਾਂ ਨੇ ਸਬ ਡਵੀਜ਼ਨ ਦੀਨਾਨਗਰ ਦੇ ਏ.ਡੀ.ਸੀ ਪਾਸੋਂ ਮੰਗ ਕੀਤੀ ਕਿ ਖੇਤਾਂ ਨੰੂ ਜਾਣ ਵਾਲੇ ਰਸਤਿਆਂ ਦੀ ਮਾਲ ਮਹਿਕਮੇ ਤੋਂ ਪੈਮਾਇਸ਼ ਕਰਵਾ ਕੇ ਕਬਜ਼ੇ ਵਾਲੇ ਰਸਤੇ ਨੰੂ ਛੁਡਵਾਇਆ ਜਾਵੇ, ਜਿਸ ਨਾਲ ਕਿਸਾਨਾਂ ਨੰੂ ਵੀ ਮੁਸ਼ਕਿਲ ਨਾ ਆਵੇ ਅਤੇ ਲੜਾਈ ਝਗੜੇ ਤੋਂ ਵੀ ਬਚਾਅ ਰਹੇ |