ਗੁਰਦਾਸਪੁਰ, 30 ਮਈ (ਚੱਕਰਾਜਾ)-ਅਨਏਡਿਡ ਅਧਿਆਪਕ ਫਰੰਟ ਦੀ ਹੰਗਾਮੀ ਮੀਟਿੰਗ ਸਟੇਟ ਪ੍ਰਧਾਨ ਨਿਰਭੈ ਸਿੰਘ ਜਹਾਂਗੀਰ ਅਤੇ ਸਟੇਟ ਉਪ ਪ੍ਰਧਾਨ ਸੁਖਚੈਨ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪੰਜਾਬ ਫ਼ਰੰਟ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦਾ ਮੁੱਖ ਮੁੱਦਾ 4 ਜੂਨ ਦੀ ਸਬ ਕਮੇਟੀ ਨਾਲ ਮੀਟਿੰਗ ਸਬੰਧੀ ਰਣਨੀਤੀ ਬਣਾਉਣਾ ਸੀ | ਇਸ ਮੌਕੇ ਮੰਗਾਂ ਸਬੰਧੀ ਆਵਾਜ਼ ਉਠਾਉਣਾ ਅਤੇ ਸਰਕਾਰ ਦਾ ਇਸ ਪ੍ਰਤੀ ਕੀ ਰੁੱਖ ਹੋਵੇਗਾ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਲਗਪਗ 469 ਏਡੇਡ ਸਕੂਲ ਹਨ ਜੋ ਗ਼ਰੀਬ ਪਰਿਵਾਰਾਂ ਦੇ ਹਜ਼ਾਰਾਂ ਬੱਚਿਆਂ ਨੂੰ ਪੜ੍ਹਾ ਰਹੇ ਹਨ | ਪਰ ਮਾਮੂਲੀ ਤਨਖ਼ਾਹਾਂ 'ਤੇ ਸੇਵਾ ਨਿਭਾਅ ਰਹੇ ਇਨ੍ਹਾਂ ਅਧਿਆਪਕਾਂ ਨੰੂ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ | ਆਗੂਆਂ ਫ਼ੈਸਲਾ ਕੀਤਾ ਕਿ ਜੇਕਰ ਸਰਕਾਰ ਫ਼ਰੰਟ ਦੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਂਦੀ ਹੈ ਤਾਂ ਠੀਕ, ਕਿਉਂਕਿ ਸਰਕਾਰ ਦੀਆਂ ਲਾਰਾ ਲਗਾਊ ਨੀਤੀਆਂ ਕਾਰਨ ਪਹਿਲਾਂ ਹੀ ਬਹੁਤ ਸਮਾਂ ਬਰਬਾਦ ਹੋ ਚੁੱਕਾ ਹੈ, ਇਸ ਲਈ ਹੁਣ ਹੋਰ ਸਬਰ ਨਹੀਂ ਕਰ ਸਕਦੇ | ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਤੋਂ ਵਿੱਤ ਮੰਤਰੀ ਨਾਲ ਇਸ ਮਸਲੇ ਪ੍ਰਤੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ | ਉਨ੍ਹਾਂ ਫ਼ੈਸਲਾ ਕੀਤਾ ਕਿ ਜੇਕਰ ਫਿਰ ਵੀ ਮੀਟਿੰਗ ਬੇਸਿੱਟਾ ਰਹਿੰਦੀ ਹੈ ਤਾਂ ਆਉਣ ਵਾਲੀ 9 ਜੂਨ ਨੂੰ ਮੁੱਖ ਮੰਤਰੀ ਨਿਵਾਸ ਸੰਗਰੂਰ ਵੱਲ ਕੂਚ ਕਰਕੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਤਗੜਾ ਵਿਰੋਧ ਕੀਤਾ ਜਾਵੇਗਾ | ਜਿਸ ਲਈ ਪੂਰੇ ਫ਼ਰੰਟ ਨੇ ਸੰਘਰਸ਼ ਲਈ ਤਿਆਰ ਰਹਿਣ ਦਾ ਅਹਿਦ ਕੀਤਾ ਗਿਆ |