ਦੀਨਾਨਗਰ, 30 ਮਈ (ਸ਼ਾਮ ਸਿੰਘ ਘੁੰਮਣ)-ਪੰਜਾਬ ਅੰਦਰ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਹੋਈਆਂ ਚੋਣਾਂ ਦੇ ਬੀਤੇ ਦਿਨ ਆਏ ਨਤੀਜਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਉੱਪਰ ਮੋਹਰ ਲਗਾਈ ਹੈ ਅਤੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਸ਼ਹਿਰੀ ਜਨਤਾ ਵੀ ਭਗਵੰਤ ਮਾਨ ਸਰਕਾਰ ਦੇ ਨਾਲ ਹੈ | ਸਥਾਨਿਕ ਸਰਕਾਰਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਉੱਪਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਬਲਾਕ ਸੰਮਤੀ ਮੈਂਬਰ ਮਨਮੋਹਨ ਸਿੰਘ ਧਮਰਾਈ, ਸਰਪੰਚ ਰਛਪਾਲ ਸਿੰਘ ਤਲਵੰਡੀ, ਨੰਬਰਦਾਰ ਕਰਨੈਲ ਸਿੰਘ ਬਾਂਠਾਵਾਲਾ, ਸਰਪੰਚ ਸੁਤੰਤਰ ਸਿੰਘ ਸਿੱਧਪੁਰ ਅਤੇ ਸਰਪੰਚ ਮਿਹਰ ਸਿੰਘ ਬਿਆਨਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਹ ਚੋਣਾਂ ਨਿਰਪੱਖ, ਬਿਨਾਂ ਕਿਸੇ ਡਰ ਭੈਅ ਅਤੇ ਪੂਰੀ ਇਮਾਨਦਾਰੀ ਨਾਲ ਕਰਵਾਈਆਂ ਸਨ ਅਤੇ ਇਸ ਦੇ ਆਏ ਸ਼ਾਨਦਾਰ ਨਤੀਜਿਆਂ ਨੇ ਆਪ ਵਰਕਰਾਂ ਅੰਦਰ ਨਵਾਂ ਜੋਸ਼ ਭਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਉਹੀ ਸ਼ਹਿਰੀ ਖੇਤਰ ਸਨ, ਜਿਸ ਨੰੂ ਹਮੇਸ਼ਾ ਭਾਜਪਾ ਅਤੇ ਕਾਂਗਰਸ ਪਾਰਟੀਆਂ ਅਪਣਾ ਪੱਕਾ ਵੋਟ ਬੈਂਕ ਸਮਝਦੀਆਂ ਰਹੀਆਂ ਸਨ | ਪਰ ਆਮ ਆਦਮੀ ਪਾਰਟੀ ਨੇ ਇਨ੍ਹਾਂ ਦੋਵਾਂ ਪਾਰਟੀਆਂ ਦੇ ਨਾਲ ਨਾਲ ਅਕਾਲੀ ਦਲ ਨੂੰ ਵੀ ਬੁਰੀ ਤਰ੍ਹਾਂ ਪਛਾੜ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀਆਂ ਲੋਕ ਹਿਤੈਸ਼ੀ ਨੀਤੀਆਂ ਸਦਕਾ ਹੁਣ ਸ਼ਹਿਰੀ ਲੋਕਾਂ ਦੀ ਵੀ ਪਹਿਲੀ ਪਸੰਦ ਬਣ ਚੁੱਕੀ ਹੈ | ਉਕਤ ਆਗੂਆਂ ਨੇ ਕਿਹਾ ਕਿ ਹੁਣ ਜਦੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਿਰਫ ਕੁਝ ਹੀ ਮਹੀਨਿਆਂ ਦਾ ਸਮਾਂ ਬਾਕੀ ਹੈ ਤਾਂ ਅਜਿਹੇ ਵਿਚ ਆਮ ਆਦਮੀ ਪਾਰਟੀ ਨੂੰ ਪੂਰੀ ਇਮਾਨਦਾਰੀ ਨਾਲ ਲੜੀਆਂ ਚੋਣਾਂ ਵਿਚ ਮਿਲਿਆ ਜ਼ਬਰਦਸਤ ਹੁੰਗਾਰਾ ਇਹ ਸਾਫ਼ ਸੰਕੇਤ ਕਰਦਾ ਹੈ ਕਿ 2027 ਵਿਚ ਵੀ ਪੰਜਾਬ ਦੇ ਲੋਕ ਇਕ ਵਾਰ ਮੁੜ ਤੋਂ ਪ੍ਰਚੰਡ ਬਹੁਮਤ ਨਾਲ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ |