ਸ੍ਰੀ ਹਰਿਗੋਬਿੰਦਪੁਰ, 30 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਗੁਰਦਾਸਪੁਰ ਰੋਡ 'ਤੇ ਸਥਿਤ ਨਹਿਰ ਦੇ ਪੁਲ 'ਤੇ ਚੌਕ 'ਚ ਇਕੱਤਰ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਪੰਜਾਬ ਦੇ ਬਲਾਕ ਸ੍ਰੀ ਹਰਿਗੋਬਿੰਦਪੁਰ ਦੇ ਕਿਸਾਨ ਆਗੂਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਬਾਰੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਪੰਨੂੰ ਨੇ ਕਿਹਾ ਕਿ ਪੰਜਾਬ ਪ੍ਰਧਾਨ ਪਲਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਸਮਝੌਤਾ ਕੀਤਾ ਸੀ, ਉਸ ਦੇ ਕਾਰਨ ਅੱਜ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ | ਉਨ੍ਹਾਂ ਕਿਹਾ ਕਿ ਖਾਦ ਦੀ ਘਾਟ ਕਾਰਨ ਕਿਸਾਨਾਂ ਨੂੰ ਸਮੱਸਿਆ ਆ ਰਹੀ ਹੈ, ਮਨਰੇਗਾ ਯੋਜਨਾ ਬੰਦ ਕਰ ਕੇ ਗਰੀਬ ਲੋਕਾਂ ਦੇ ਢਿੱਡ 'ਤੇ ਲੱਤ ਮਾਰੀ ਗਈ ਹੈ, ਰਸੋਈ ਗੈਸ ਸਿਲੰਡਰ ਦੀ ਘਾਟ ਆ ਰਹੀ ਹੈ, ਗੈਸ ਦੀ ਕਿੱਲਤ ਕਾਰਨ ਲੋਕ ਗੈਸ ਏਜੰਸੀਆਂ ਅੱਗੇ ਕਤਾਰਾਂ ਵਿਚ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਨੂੰ ਤੰਗ ਕਰ ਰਿਹਾ ਹੈ, ਪੰਜਾਬ ਦੀ ਉਪਜਾਊ ਜ਼ਮੀਨ ਨਿੱਜੀ ਵਾਪਰਕ ਘਰਾਣਿਆਂ ਨੂੰ ਦੇਣਾ ਚਾਹੁੰਦਾ ਹੈ | ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸਮਝੌਤੇ ਕਾਰਨ ਦੇਸ਼ ਨੂੰ ਨੁਕਸਾਨ ਹੋਵੇਗਾ | ਇਸ ਦੇ ਵਿਰੋਧ ਵਜੋਂ ਅੱਜ ਜਥੇਬੰਦੀ ਵਲੋਂ ਪੁਤਲਾ ਫ਼ੂਕ ਕਿ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਟਨਾਣੀਵਾਲ, ਜ਼ਿਲ੍ਹਾ ਖ਼ਜ਼ਾਨਚੀ ਮਾਸਟਰ ਦਵਿੰਦਰ ਸਿੰਘ ਢਪੱਈ, ਬਲਾਕ ਪ੍ਰਧਾਨ ਗੁਰਮੇਜ ਸਿੰਘ ਚੀਮਾ ਖੁੱਡੀ, ਬਲਾਕ ਮੀਤ ਪ੍ਰਧਾਨ ਦਿਲਬਾਗ ਸਿੰਘ ਧਾਲੀਵਾਲ, ਬਲਾਕ ਖ਼ਜ਼ਾਨਚੀ ਮੁਖਤਾਰ ਸਿੰਘ ਢਪੱਈ, ਸਰੂਪ ਸਿੰਘ ਧੀਰੋਵਾਲ, ਸਿਮਰਨਜੀਤ ਸਿੰਘ ਸ੍ਰੀ ਹਰਿਗੋਬਿੰਦਪੁਰ, ਭੁਪਿੰਦਰ ਸਿੰਘ ਗਾਲੋਵਾਲ, ਸੀਤਲ ਸਿੰਘ ਵਰਸਾਲਚੱਕ ਆਦਿ ਹਾਜ਼ਰ ਸਨ |