ਪਠਾਨਕੋਟ, 30 ਮਈ (ਸੁਮਿਤ)-ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਜ਼ਿਲੇ ਵਿਚ ਮੌਸਮ ਨੇ ਅਚਾਨਕ ਕਰਵਟ ਲੈ ਲਈ | ਸ਼ਨੀਵਾਰ ਸਵੇਰੇ ਤੋਂ ਹੀ ਅਸਮਾਨ ਵਿਚ ਘਣੇ ਬੱਦਲ ਛਾਏ ਰਹੇ ਅਤੇ ਇਸ ਤੋਂ ਬਾਅਦ ਸ਼ੁਰੂ ਹੋਏ ਮੋਹਲੇਧਾਰ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ | ਕਈ ਇਲਾਕਿਆਂ ਵਿਚ ਤੇਜ਼ ਮੀਂਹ ਨਾਲ ਗੜੇਮਾਰੀ ਵੀ ਹੋਈ | ਜਿਸ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ | ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਅਤੇ ਹੁੰਮਸ ਤੋਂ ਪ੍ਰੇਸ਼ਾਨ ਲੋਕਾਂ ਨੇ ਮੀਂਹ ਤੋਂ ਬਾਅਦ ਸੁੱਖ ਦਾ ਸਾਹ ਲਿਆ | ਮੀਂਹ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ ਅਤੇ ਆਵਾਜਾਈ ਵੀ ਕੁਝ ਸਮੇਂ ਲਈ ਪ੍ਰਭਾਵਿਤ ਰਹੀ, ਉੱਥੇ ਹੀ ਕਿਸਾਨਾਂ ਨੇ ਇਸ ਮੌਸਮੀ ਤਬਦੀਲੀ ਦਾ ਸਵਾਗਤ ਕੀਤਾ | ਹਾਲਾਂਕਿ ਗੜੇਮਾਰੀ ਕਾਰਨ ਕੁਝ ਥਾਵਾਂ 'ਤੇ ਫਸਲਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ | ਮੌਸਮ ਦੇ ਬਦਲੇ ਮਿਜ਼ਾਜ ਨੇ ਪੂਰੇ ਜ਼ਿਲੇ ਦਾ ਮਾਹੌਲ ਸੁਹਾਵਣਾ ਬਣਾ ਦਿੱਤਾ ਹੈ ਅਤੇ ਲੋਕਾਂ ਨੂੰ ਤਪਦੀ ਗਰਮੀ ਤੋਂ ਅਸਥਾਈ ਰਾਹਤ ਮਿਲੀ ਹੈ |