ਫਤਹਿਗੜ੍ਹ ਚੂੜੀਆਂ, 31 ਮਈ (ਅਵਤਾਰ ਸੰਘ ਰੰਧਾਵਾ)-ਬੀਤੇ ਦਿਨੀਂ ਪਿੰਡ ਘਣੀਏ ਕੇ ਬਾਂਗਰ ਤੋਂ ਅੰਮਿ੍ਤਸਰ ਡਿਊਟੀ 'ਤੇ ਜਾ ਰਹੇ ਪੰਜਾਬ ਪੁਲਿਸ ਦੇ ਏ.ਐਸ.ਆਈ. ਜੋਗਾ ਸਿੰਘ ਦੀ ਰਸਤੇ ਵਿਚ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਇਸ ਦੁੱਖ ਦੀ ਘੜੀ 'ਚ ਪਰਿਵਾਰਾਂ ਨਾਲ ਡੂੰਘੇ ਅਫਸੋਸ ਦਾ ਇਜ਼ਹਾਰ ਕਰਨ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਤੇ ਹੋਰ ਆਗੂ ਪਹੁੰਚੇ | ਇਸ ਮੌਕੇ ੁਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਉਪਰੰਤ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ | ਉਨ੍ਹਾਂ ਕਿਹਾ ਕਿ ਸ਼ਹੀਦ ਜੋਗਾ ਸਿੰਘ ਹੋਣਹਾਰ ਪੁਲਿਸ ਅਫਸਰ ਸਨ, ਇਸ ਦੁਖਾਂਤ ਦੇ ਨਾਲ ਇਸ ਖੇਤਰ ਅਤੇ ਸਮੁੱਚੀ ਪੰਜਾਬ ਪੁਲਿਸ ਦੇ ਚਿਹਰੇ 'ਤੇ ਸੋਗ ਦੀ ਲਹਿਰ ਹੈ | ਉਨ੍ਹਾਂ ਕਿਹਾ ਕਿ ਇਹ ਘਟਨਾ ਵਾਪਰਨ ਉਪਰੰਤ ਸ਼ਹੀਦ ਜੋਗਾ ਸਿੰਘ ਦੀ ਪਤਨੀ ਅਤੇ ਪਰਿਵਾਰ ਦਾ ਦੁੱਖ ਝੱਲਿਆ ਨਹੀਂ ਜਾ ਰਿਹਾ | ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰ ਥੋੜੇ ਨਸ਼ਿਆਂ ਤੇ ਪੈਸਿਆਂ ਪਿੱਛੇ ਕਤਲੇਆਮ ਕਰ ਰਹੇ ਹਨ | ਅਜਿਹੇ ਜੁਰਮਾਂ ਦਾ ਟਾਕਰਾ ਕਰਨ ਲਈ ਪੰਜਾਬ ਪੁਲਿਸ ਨੂੰ ਦਲੇਰ ਹੋਣਾ ਪੈਣਾ, ਅਜਿਹੇ ਦਰਿੰਦੇ ਮੂਹਰੇ ਟੰਗੇ ਹੋਏ ਦਿਸਣੇ ਚਾਹੀਦੇ ਹਨ, ਅਜਿਹੇ ਲੋਕਾਂ ਦੀ ਸਮਾਜ ਅੰਦਰ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ | ਉਨ੍ਹਾਂ ਕਿਹਾ ਕਿ ਅਸੀਂ ਸ਼ਹੀਦ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦੇ ਹਾਂ, ਜਿਸ ਵੇਲੇ ਵੀ ਸਾਨੂੰ ਯਾਦ ਕਰਨਗੇ, ਹਾਜ਼ਰ ਹੋਵਾਂਗੇ | ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਲੋਂ ਇਕ ਕਰੋੜ ਰੁਪਏ ਵੱਖਰੇ ਤੌਰ 'ਤੇ ਸ਼ਹੀਦ ਦੀ ਯਾਦਗਾਰ ਵਾਸਤੇ ਦੇਵਾਂਗੇ, ਜਿਸ ਲਈ ਪਰਿਵਾਰ ਅਤੇ ਪਿੰਡ ਵਾਸੀ ਫੈਸਲਾ ਕਰਨਗੇ ਕਿ ਯਾਦਗਾਰ ਕਿਸ ਤਰ੍ਹਾਂ ਦੀ ਬਣਾਉਣੀ ਹੈ | ਇਸ ਮੌਕੇ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ, ਵਿਜੇ ਕੁਮਾਰ ਸੋਨੀ ਮੋਹਲੋਵਾਲੀ, ਰਾਜੂ ਪੰਡਿਤ ਡੇਰਾ ਬਾਬਾ ਨਾਨਕ, ਰਣਜੀਤ ਸਿੰਘ ਕਾਲਾ ਅਫਗਾਨਾ, ਪ੍ਰਭਜੀਤ ਸਿੰਘ ਬਿੱਟੂ, ਦਲਜੀਤ ਸਿੰਘ, ਜੋਬਨਜੀਤ ਸਿੰਘ, ਹੀਰਾ ਸਿੰਘ ਵਾਲੀਆ, ਏਡੀਸੀ ਗੁਰਪ੍ਰੀਤ ਸਿੰਘ ਵਿਕਾਸ, ਐਸਡੀਐਮ ਡਾ. ਨਵਜੋਤ ਸ਼ਰਮਾ ਫਤਹਿਗੜ੍ਹ ਚੂੜੀਆਂ, ਨਾਇਬ ਤਹਿਸੀਲਦਾਰ ਕਿਰਨਦੀਪ ਕੌਰ ਗੁਰਦਾਸਪੁਰ, ਬੀਡੀਪੀਓ ਨਰਿੰਦਰ ਸਿੰਘ ਖਹਿਰਾ, ਡੀਐਸਪੀ ਜੋਗਾ ਸਿੰਘ, ਕੁਲਦੀਪ ਸਿੰਘ ਪਟਵਾਰੀ, ਐਸਐਚਓ ਸੁਖਵਿੰਦਰ ਸਿੰਘ, ਇੰਸਪੈਕਟਰ ਸੁਰਿੰਦਰਪਾਲ ਸਿੰਘ, ਰਣਜੀਤ ਸਿੰਘ ਕਾਲਾ ਅਫਗਾਨਾ, ਹਰੀਸ਼ ਕੁਮਾਰ, ਕੁਲਬੀਰ ਸਿੰਘ ਆਦਿ ਹਾਜ਼ਰ ਸਨ |