ਬਟਾਲਾ, 1 ਜੂਨ (ਸਤਿੰਦਰ ਸਿੰਘ)-ਧੰਨ-ਧੰਨ ਸੰਤ ਬਾਬਾ ਸੰਪੂਰਨ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਪਿੰਡ ਢਡਿਆਲਾ ਨੱਤ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਮੁੱਖ ਸੇਵਾਦਾਰ ਬੀਬੀ ਮਨਜੀਤ ਕੌਰ ਖਾਲਸਾ ਨੇ ਦੱਸਿਆ ਕਿ ਸੰਤ ਬਾਬਾ ਸੰਪੂਰਨ ਸਿੰਘ ਨੇ ਆਪਣਾ ਸਾਰਾ ਜੀਵਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਕੀਤਾ ਸੀ | ਉਹ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਨ ਲਈ ਵੱਖ-ਵੱਖ ਸਮੇਂ 'ਤੇ ਪ੍ਰਚਾਰ ਕਰਦੇ ਰਹੇ | ਉਨ੍ਹਾਂ ਕਿਹਾ ਕਿ ਇਸ ਅਸਥਾਨ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਯੋਗਾ ਕੈਂਪ, ਮੈਡੀਕਲ ਕੈਂਪ, ਵਾਤਾਵਰਣ ਨੂੰ ਸ਼ੁੱਧ ਰੱਖਣ ਬੂਟੇ ਆਦਿ ਲਗਾਉਣ ਦੇ ਅਨੇਕਾਂ ਕਾਰਜ ਕੀਤੇ ਜਾਂਦੇ ਹਨ | ਬੀਬੀ ਮਨਜੀਤ ਕੌਰ ਖਾਲਸਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਪੰਥ ਦੇ ਮਹਾਨ ਕੀਰਤਨੀਏ ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਜਸਵੰਤ ਸਿੰਘ ਦਿਆਲਗੜ੍ਹ ਵਾਲੇ, ਭਾਈ ਸੁਖਨਿੰਦਰ ਸਿੰਘ ਖਾਲਸਾ ਸਭਰਾਵਾਂ ਵਾਲਿਆਂ ਦਾ ਢਾਡੀ ਜਥੇ ਨੇ ਆਈਆਂ ਸੰਗਤਾਂ ਨੂੰ ਗੁਰੂ ਸ਼ਬਦ ਤੇ ਇਤਿਹਾਸ ਨਾਲ ਜੋੜਿਆ | ਇਸ ਅਸਥਾਨ 'ਤੇ ਪੁਹੰਚੀਆ ਸੰਗਤਾਂ ਅਤੇ ਜਥਿਆਂ ਦਾ ਧੰਨਵਾਦ ਬੀਬੀ ਮਨਜੀਤ ਕੌਰ ਖਾਲਸਾ ਅਤੇ ਸੇਵਾਦਾਰ ਜਗਤਾਰ ਸਿੰਘ ਧੰਦੋਈ ਵਾਲਿਆਂ ਨੇ ਕੀਤਾ | ਇਸ ਮੌਕੇ ਇਲਾਕੇ ਭਰ ਦੀਆਂ ਸੰਗਤਾਂ ਨੇ ਗੁਰਬਾਣੀ-ਕੀਰਤਨ ਦਾ ਆਨੰਦ ਮਾਣਿਆ |