ਸ੍ਰੀ ਹਰਿਗੋਬਿੰਦਪੁਰ, 1 ਜੂਨ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਡੋਗਰ ਮਹੇਸ਼ ਵਿਖੇ ਕਾਮਰੇਡ ਰਣਜੀਤ ਸਿੰਘ ਦੇ ਫ਼ਾਰਮ ਹਾਊਸ 'ਤੇ ਕੁੱਲ ਹਿੰਦ ਕਿਸਾਨ ਸਭਾ ਜਥੇਬੰਦੀ ਦੇ ਆਗੂ ਬਲਦੇਵ ਸਿੰਘ ਖਹਿਰਾ, ਗੁਰਬਚਨ ਸਿੰਘ ਵਾਲੀਆ ਤੇ ਗੁਰਮੁੱਖ ਸਿੰਘ ਦੀ ਪ੍ਰਧਾਨਗੀ ਹੇਠ ਅਹਿਮ ਬੈਠਕ ਹੋਈ ਹੈ | ਇਸ ਸਮੇਂ ਕਿਸਾਨ ਆਗੂ ਗੁਲਜ਼ਾਰ ਸਿੰਘ ਬਸੰਤਕੋਟ ਨੇ ਕਿਹਾ ਕਿ ਪਿੰਡ ਡੋਗਰ ਮਹੇਸ਼ ਵਿਖੇ ਕੁੱਲ ਹਿੰਦ ਕਿਸਾਨ ਸਭਾ ਜਥੇਬੰਦੀ ਦੇ ਜ਼ਿਲ੍ਹਾ ਡੈਲੀਗੇਟ ਇਜਲਾਸ ਵਿਚ ਜ਼ਿਲ੍ਹਾ ਪੱਧਰ ਤੋਂ ਆਗੂ ਪੁੱਜੇ ਸਨ | ਇਜਲਾਸ ਵਿਚ ਪਿਛਲੇ ਸਮੇਂ ਦੌਰਾਨ ਕਿਸਾਨ ਲਹਿਰ ਦੌਰਾਨ ਵਿਛੜੇ ਆਗੂਆਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਤੋਂ ਇਲਾਵਾ ਕਿਸਾਨ ਸਭਾ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਦਾ ਵੇਰਵਾ ਪੇਸ਼ ਕੀਤਾ ਗਿਆ ਹੈ | ਇਸ ਮੌਕੇ ਹਾਜ਼ਰ ਡੈਲੀਗੇਟਾਂ ਵਿਚੋਂ ਬਲਬੀਰ ਸਿੰਘ ਕੱਤੋਵਾਲ, ਜਗਜੀਤ ਸਿੰਘ ਅਲੂਣਾ, ਸੁਰਿੰਦਰ ਸਿੰਘ ਧਾਰੋਵਾਲੀ, ਗੁਰਜੀਤ ਸਿੰਘ ਘੋੜੇਵਾਹ, ਬਲਦੇਵ ਸਿੰਘ ਖਹਿਰਾ, ਜਸਵਿੰਦਰ ਸਿੰਘ ਅਠਵਾਲ ਨੇ ਪੇਸ਼ ਕੀਤੀ ਗਈ | ਰਿਪੋਰਟ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹਾਜ਼ਰ ਡੈਲੀਗੇਟਾਂ ਵਲੋਂ ਕੁਝ ਵਾਧਿਆਂ ਨਾਲ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ | ਉਪਰੰਤ ਡੈਲੀਗੇਟ ਹਾਊਸ ਨੇ 23 ਸਾਥੀਆਂ ਦੀ ਨਵੀਂ ਜ਼ਿਲ੍ਹਾ ਕੌਂਸਲ ਦੀ ਚੋਣ ਕੀਤੀ ਹੈ, ਜਿਸ 'ਚ ਪ੍ਰਧਾਨ ਬਲਬੀਰ ਸਿੰਘ ਕੱਤੋਵਾਲ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਖਹਿਰਾ, ਮੀਤ ਪ੍ਰਧਾਨ ਜਗਜੀਤ ਸਿੰਘ ਅਲੂਣਾ, ਸਕੱਤਰ ਜਸਵਿੰਦਰ ਸਿੰਘ ਅਠਵਾਲ, ਮੀਤ ਸਕੱਤਰ ਕੈਪਟਨ ਜਸਵੰਤ ਸਿੰਘ ਮਹੇਸ਼ ਡੋਗਰ, ਖ਼ਜ਼ਾਨਚੀ ਗਰਜੀਤ ਸਿੰਘ ਘੋੜੇਵਾਲ, ਮਿਹਰਬਾਨ ਸਿੰਘ ਕਲੀਜਪੁਰ ਦੀ ਚੋਣ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਇਜਲਾਸ ਦੌਰਾਨ 60 ਦੇ ਕਰੀਬ ਵੱਖ-ਵੱਖ ਬਲਾਕਾਂ ਦੇ ਡੈਲੀਗੇਟਾਂ ਨੇ ਹਿੱਸਾ ਲਿਆ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਇਸ ਇਜਲਾਸ ਦੌਰਾਨ ਨਿਗਰਾਨ ਦੇ ਤੌਰ 'ਤੇ ਸੂਬਾ ਜਥੇਬੰਦੀ ਤੋਂ ਸਾਥੀ ਲਖਬੀਰ ਸਿੰਘ ਨਿਜ਼ਾਮਪੁਰ ਹਾਜ਼ਰ ਸਨ | ਉਨ੍ਹਾਂ ਕਿਸਾਨ ਸਭਾ ਦੇ ਇਤਿਹਾਸ ਤੇ ਇਤਿਹਾਸਕ ਕਿਸਾਨ ਅੰਦੋਲਨ ਅੰਦਰ ਜਥੇਬੰਦੀ ਵਲੋਂ ਪਾਏ ਗਏ ਯੋਗਦਾਨ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ 2 ਜੂਨ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਮੂਹਰੇ ਦਿੱਤੇ ਜਾਣ ਵਾਲੇ ਧਰਨੇ ਵਿਚ ਜਥੇਬੰਦੀ ਦੇ ਆਗੂਆਂ ਵਲੋਂ ਵੱਡੀ ਗਿਣਤੀ ਵਿਚ ਪੁੱਜਣ ਦਾ ਫ਼ੈਸਲਾ ਵੀ ਲਿਆ ਗਿਆ ਹੈ |