ਘੱਲੂਘਾਰਾ ਸਾਹਿਬ, 12 ਜੂਨ (ਪਰਮ ਮਿਨਹਾਸ)-ਵੀਰਵਾਰ ਸ਼ਾਮ ਨੂੰ ਅਚਾਨਕ ਬਦਲੇ ਮੌਸਮ ਨੇ ਇਕ ਪਾਸੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ, ਦੂਜੇ ਪਾਸੇ ਤੇਜ਼ ਹਨੇਰੀ ਤੇ ਤੂਫ਼ਾਨ ਕਾਰਨ ਇਲਾਕੇ 'ਚ ਜਨਜੀਵਨ ਵੀ ਪ੍ਰਭਾਵਿਤ ਕਰ ਦਿੱਤਾ | ਹਨੇਰੀ ਦੇ ਚਲਦਿਆਂ ਬਿਜਲੀ ਸਪਲਾਈ ਦੀਆਂ ਤਾਰਾਂ 'ਤੇ ਰੁੱਖ ਡਿੱਗਣ ਕਾਰਨ ਸੱਲੋਪੁਰ, ਲਾਧੂਪੁਰ, ਭੈਣੀ ਪਸਵਾਲ, ਚੱਕ ਸ਼ਰੀਫ਼ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ | ਬਿਜਲੀ ਵਿਭਾਗ ਦੀਆਂ ਟੀਮਾਂ ਵਲੋਂ ਬਿਜਲੀ ਬਹਾਲੀ ਦਾ ਕੰਮ ਮੌਸਮ ਦਰੁਸਤ ਹੁੰਦਿਆਂ ਹੀ ਸ਼ੁਰੂ ਕਰ ਦਿੱਤਾ ਗਿਆ | ਤੂਫ਼ਾਨ ਤੋਂ ਬਾਅਦ ਹੋਈ ਮੋਹਲੇਧਾਰ ਬਾਰਿਸ਼ ਨੇ ਜਿੱਥੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ, ਉੱਥੇ ਹੀ ਲੋਕਾਂ ਨੂੰ 43 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਹੇ ਤਾਪਮਾਨ ਤੋਂ ਵੀ ਵੱਡੀ ਰਾਹਤ ਮਿਲੀ | ਮੀਂਹ ਪੈਣ ਨਾਲ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ | ਬੱਚੇ, ਨੌਜਵਾਨ ਤੇ ਬਜ਼ੁਰਗ ਘਰਾਂ ਤੋਂ ਬਾਹਰ ਨਿਕਲ ਕੇ ਠੰਢੇ ਮੌਸਮ ਦਾ ਆਨੰਦ ਮਾਣਦੇ ਨਜ਼ਰ ਆਏ | ਦੂਜੇ ਪਾਸੇ ਕਿਸਾਨਾਂ ਵਿਚ ਤੂਫ਼ਾਨ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਚਿੰਤਾ ਵੀ ਦੇਖਣ ਨੂੰ ਮਿਲੀ | ਕਿਸਾਨ ਮਨਦੀਪ ਸਿੰਘ, ਸਰੂਪ ਸਿੰਘ, ਜਗਜੀਤ ਸਿੰਘ ਭੈਣੀ ਪਸਵਾਲ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਖੇਤਾਂ 'ਚ ਲਗਾਏ ਗਏ ਝੋਨੇ ਦੀ ਪਨੀਰੀ ਤੇ ਹੋਰ ਫ਼ਸਲਾਂ ਉੱਪਰ ਤੇਜ਼ ਹਵਾਵਾਂ ਦਾ ਅਸਰ ਪੈ ਸਕਦਾ ਹੈ | ਤੇਜ਼ ਹਵਾ ਦੇ ਚਲਦਿਆਂ ਹਾਲ ਹੀ ਵਿਚ ਲਗਾਏ ਗਏ ਝੋਨੇ ਉੱਪਰ ਜੇਕਰ ਪਾਣੀ ਵਿਚਲੀ ਝੱਗ ਚੜ੍ਹ ਜਾਂਦੀ ਹੈ ਤਾਂ ਉਸ ਦੇ ਪਲਣ ਵਿਚ ਸਮੱਸਿਆ ਬਣ ਜਾਵੇਗੀ | ਹਾਲਾਂਕਿ ਮੀਂਹ ਕਾਰਨ ਖੇਤਾਂ ਵਿਚ ਨਮੀ ਵਧਣ ਨਾਲ ਕੁਝ ਫ਼ਸਲਾਂ ਨੂੰ ਫ਼ਾਇਦਾ ਵੀ ਹੋਣ ਦੀ ਸੰਭਾਵਨਾ ਹੈ |