ਪਠਾਨਕੋਟ, 13 ਜੂਨ (ਸੰਧੂ)-ਪਠਾਨਕੋਟ ਕਿ੍ਕਟ ਐਸੋਸੀਏਸ਼ਨ ਲਈ ਮਾਣ ਵਾਲੀ ਗੱਲ ਹੈ ਕਿ ਜ਼ਿਲੇ ਦੇ ਹੋਣਹਾਰ ਕਿ੍ਕਟਰ ਸੰਦੀਪ ਦੀ ਚੋਣ ਪੰਜਾਬ ਅੰਡਰ-23 ਰਾਜ ਕਿ੍ਕਟ ਕੈਂਪ ਲਈ ਹੋਈ ਹੈ | ਇਹ ਕੈਂਪ ਮੋਹਾਲੀ ਸਥਿਤ ਆਈ.ਐਸ. ਬਿੰਦਰਾ ਪੀ.ਸੀ.ਏ. ਸਟੇਡੀਅਮ ਵਿਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਸੂਬੇ ਦੇ ਚੋਟੀ ਦੇ ਨੌਜਵਾਨ ਕਿ੍ਕਟਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ | ਸੰਦੀਪ ਨੇ ਜ਼ਿਲਾ ਕਿ੍ਕਟ ਸੀਜ਼ਨ ਦੌਰਾਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਚੋਣਕਰਤਾਵਾਂ ਨੂੰ ਪ੍ਰਭਾਵਿਤ ਕੀਤਾ | ਪੂਰੇ ਸੈਸ਼ਨ ਦੌਰਾਨ ਉਸ ਨੇ ਅਨੁਸ਼ਾਸਨ, ਨਿਰੰਤਰਤਾ ਅਤੇ ਬਿਹਤਰੀਨ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਕਈ ਮਹੱਤਵਪੂਰਨ ਮੈਚਾਂ ਵਿਚ ਟੀਮ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ | ਜ਼ਿਲਾ ਪੱਧਰ ਦੇ ਮੁਕਾਬਲਿਆਂ ਵਿਚ ਉਹ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਪ੍ਰਮੁੱਖ ਗੇਂਦਬਾਜ਼ਾਂ ਵਿਚ ਸ਼ਾਮਿਲ ਰਿਹਾ | ਪਠਾਨਕੋਟ ਕਿ੍ਕਟ ਐਸੋਸੀਏਸ਼ਨ ਨੇ ਸੰਦੀਪ ਨੂੰ ਇਸ ਉਪਲੱਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਚੋਣ ਪਠਾਨਕੋਟ ਵਿਚ ਉੱਭਰ ਰਹੀਆਂ ਕਿ੍ਕਟ ਪ੍ਰਤਿਭਾਵਾਂ ਦਾ ਸਬੂਤ ਹੈ | ਐਸੋਸੀਏਸ਼ਨ ਨੇ ਭਰੋਸਾ ਪ੍ਰਗਟਾਇਆ ਕਿ ਸੰਦੀਪ ਆਪਣੀ ਮਿਹਨਤ ਅਤੇ ਲਗਨ ਦੇ ਬਲਬੂਤੇ ਹੋਰ ਉੱਚ ਪੱਧਰ 'ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰੇਗਾ ਅਤੇ ਜ਼ਿਲੇ ਤੇ ਪੰਜਾਬ ਦਾ ਨਾਮ ਰੌਸ਼ਨ ਕਰੇਗਾ | ਇਸ ਮੌਕੇ ਪਠਾਨਕੋਟ ਕਿ੍ਕਟ ਐਸੋਸੀਏਸ਼ਨ ਦੇ ਸਕੱਤਰ ਸੰਨੀ ਮਹਾਜਨ ਨੇ ਸੰਦੀਪ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਦੀਪ ਨੇ ਪੂਰੇ ਸੀਜ਼ਨ ਦੌਰਾਨ ਬੇਮਿਸਾਲ ਸਮਰਪਣ ਅਤੇ ਦਿ੍ੜ ਇਰਾਦੇ ਦਾ ਪ੍ਰਗਟਾਵਾ ਕੀਤਾ ਹੈ | ਉਸ ਦੀ ਪ੍ਰਭਾਵਸ਼ਾਲੀ ਗੇਂਦਬਾਜ਼ੀ ਨੇ ਉਸ ਨੂੰ ਰਾਜ ਪੱਧਰ 'ਤੇ ਆਪਣੀ ਕਾਬਲੀਅਤ ਸਾਬਤ ਕਰਨ ਦਾ ਮੌਕਾ ਦਿੱਤਾ ਹੈ | ਉਨਾਂ ਕਿਹਾ ਕਿ ਐਸੋਸੀਏਸ਼ਨ ਨੂੰ ਪੂਰਾ ਵਿਸ਼ਵਾਸ ਹੈ ਕਿ ਸੰਦੀਪ ਇਸ ਮੌਕੇ ਦਾ ਪੂਰਾ ਲਾਭ ਉਠਾਉਂਦਿਆਂ ਭਵਿੱਖ ਵਿਚ ਪਠਾਨਕੋਟ ਅਤੇ ਪੰਜਾਬ ਕਿ੍ਕਟ ਲਈ ਹੋਰ ਵੀ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰੇਗਾ |