ਪਠਾਨਕੋਟ, 13 ਜੂਨ (ਸੰਧੂ)-ਪਠਾਨਕੋਟ ਵਪਾਰ ਮੰਡਲ ਦੇ ਇਕ ਵਫ਼ਦ ਨੇ ਅੱਜ ਜੈਮਜ ਇੰਟਰਨੈਸ਼ਨਲ ਸਕੂਲ ਵਿਚ ਚੱਲ ਰਹੇ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਦੇ ਓ.ਟੀ.ਸੀ. ਕੈਂਪ ਦਾ ਵਿਸ਼ੇਸ਼ ਦੌਰਾ ਕੀਤਾ | ਇਸ ਮੌਕੇ ਵਪਾਰ ਮੰਡਲ ਦੇ ਆਗੂਆਂ ਨੇ ਕੈਂਪ ਵਿਚ ਪ੍ਰਸ਼ਿਕਸ਼ਣ ਪ੍ਰਾਪਤ ਕਰ ਰਹੇ 110 ਨੌਜਵਾਨ ਸਵੈ ਸੇਵਕਾਂ ਦੇ ਅਭਿਆਸ ਸੈਸ਼ਨ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ | ਕੈਂਪ ਵਿਚ ਸਹਿ-ਪ੍ਰਾਂਤ ਪ੍ਰਚਾਰਕ ਡਾ: ਸਤੀਸ਼ ਕੁਮਾਰ, ਸੰਗਠਨ ਪ੍ਰਮੁੱਖ ਹਮੀਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵਪਾਰ ਮੰਡਲ ਦੇ ਵਫ਼ਦ ਦਾ ਸਵਾਗਤ ਕੀਤਾ | ਉਨ੍ਹਾਂ ਵਲੋਂ ਕੈਂਪ ਦੀਆਂ ਗਤੀਵਿਧੀਆਂ, ਸਿਖਲਾਈ ਪ੍ਰਕਿਰਿਆ ਅਤੇ ਨੌਜਵਾਨਾਂ ਵਿਚ ਰਾਸ਼ਟਰ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਦੌਰੇ ਦੌਰਾਨ ਵਪਾਰ ਮੰਡਲ ਦੇ ਚੇਅਰਮੈਨ ਅਨਿਲ ਮਹਾਜਨ, ਪ੍ਰਧਾਨ ਮਨਿੰਦਰ ਸਿੰਘ, ਸੀਨੀਅਰ ਉਪ ਪ੍ਰਧਾਨ ਰਾਜੀਵ ਪੁਰੀ (ਚੇਅਰਮੈਨ ਐਮ.ਈ.ਐਸ. ਬਿਲਡਰਜ਼ ਐਸੋਸੀਏਸ਼ਨ), ਸੀਨੀਅਰ ਉਪ ਪ੍ਰਧਾਨ ਚੰਦਰ ਸ਼ੇਖਰ, ਸੀਨੀਅਰ ਉਪ ਪ੍ਰਧਾਨ ਪੰਕਜ ਮਹਾਜਨ (ਪ੍ਰਧਾਨ ਪੇਂਟ, ਹਾਰਡਵੇਅਰ ਐਂਡ ਸੈਨੇਟਰੀ ਐਸੋਸੀਏਸ਼ਨ), ਅਸ਼ਵਨੀ ਗੁਪਤਾ, ਚਾਚਾ ਵੇਦ, ਰਾਜੇਸ਼ ਸ਼ਰਮਾ, ਨਵੀਨ ਮਲਹੋਤਰਾ, ਸੁਨੀਲ ਚਾਂਗੋਤਰਾ, ਅਨਿਲ ਮਹਾਜਨ (ਡੀ.ਡੀ. ਸੰਸ), ਨਰਿੰਦਰ ਕਾਲਾ, ਮਨਮਹੇਸ਼ ਅਤੇ ਅਸ਼ਵਨੀ ਮਹਾਜਨ ਸਮੇਤ ਹੋਰ ਮੈਂਬਰ ਹਾਜ਼ਰ ਸਨ | ਵਪਾਰ ਮੰਡਲ ਦੇ ਆਗੂਆਂ ਨੇ ਕਿਹਾ ਕਿ ਸੰਘ ਵਲੋਂ ਨੌਜਵਾਨਾਂ ਵਿਚ ਅਨੁਸ਼ਾਸਨ, ਦੇਸ਼-ਭਗਤੀ, ਸਮਾਜਿਕ ਜ਼ਿੰਮੇਵਾਰੀ ਅਤੇ ਸਰੀਰਕ ਦਖਲਤਾ ਦੀ ਭਾਵਨਾ ਪੈਦਾ ਕਰਨ ਲਈ ਕੀਤਾ ਜਾ ਰਿਹਾ | ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰਸ਼ਿਕਸ਼ਣ ਕੈਂਪ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੇ ਹਨ | ਵਫ਼ਦ ਨੇ ਕੈਂਪ ਦੇ ਸਫਲ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਵੀ ਦਿੱਤੀ |