ਪਠਾਨਕੋਟ, 13 ਜੂਨ (ਵਿਨੋਦ)-ਭਾਰਤ ਸਰਕਾਰ ਵਲੋਂ ਹਰ ਸਾਲ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿਚੋਂ ਇਕ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਜਾਂਦਾ ਹੈ | ਇਹ ਪੁਰਸਕਾਰ ਤਿੰਨ ਸ਼੍ਰੇਣੀਆਂ ਪਦਮ ਵਿਭੂਸ਼ਨ, ਪਦਮ ਭੂਸ਼ਨ ਅਤੇ ਪਦਮ ਸ੍ਰੀ ਵਿਚ ਵੱਖ-ਵੱਖ ਖੇਤਰਾਂ 'ਚ ਵਿਸ਼ੇਸ਼ ਅਤੇ ਅਸਾਧਾਰਨ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਦਿੱਤੇ ਜਾਂਦੇ ਹਨ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ ਵਲੋਂ ਦਿੱਤੀ ਗਈ | ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਦਮ ਪੁਰਸਕਾਰਾਂ ਲਈ ਜਾਤੀ, ਪੇਸ਼ੇ, ਅਹੁਦੇ ਜਾਂ ਲਿੰਗ ਦੇ ਕਿਸੇ ਵੀ ਭੇਦ ਤੋਂ ਬਿਨਾਂ ਹਰ ਯੋਗ ਭਾਰਤੀ ਨਾਗਰਿਕ ਨਾਮਜ਼ਦਗੀ ਭੇਜ ਸਕਦਾ ਹੈ | ਇਹ ਸਨਮਾਨ ਕਲਾ, ਸਮਾਜ ਸੇਵਾ, ਜਨਤਕ ਮਾਮਲੇ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ ਅਤੇ ਉਦਯੋਗ, ਚਿਕਿਤਸਾ, ਸਾਹਿਤ ਅਤੇ ਸਿੱਖਿਆ, ਸਿਵਲ ਸੇਵਾ, ਖੇਡਾਂ ਅਤੇ ਹੋਰ ਵਿਸ਼ੇਸ਼ ਖੇਤਰਾਂ ਵਿਚ ਉਤਕਿ੍ਸ਼ਟ ਯੋਗਦਾਨ ਲਈ ਦਿੱਤੇ ਜਾਂਦੇ ਹਨ | ਸਰਕਾਰ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਕਿਸੇ ਵਿਅਕਤੀ ਨੂੰ ਪਹਿਲਾਂ ਕੋਈ ਪਦਮ ਪੁਰਸਕਾਰ ਮਿਲ ਚੁੱਕਾ ਹੈ ਤਾਂ ਉਸ ਨੂੰ ਉੱਚ ਸ਼੍ਰੇਣੀ ਦੇ ਪੁਰਸਕਾਰ ਲਈ ਘੱਟੋ-ਘੱਟ ਪੰਜ ਸਾਲ ਦਾ ਅੰਤਰ ਲਾਜ਼ਮੀ ਹੈ | ਹਾਲਾਂਕਿ ਬਹੁਤ ਹੀ ਅਸਾਧਾਰਨ ਉਪਲੱਬਧੀਆਂ ਦੇ ਮਾਮਲਿਆਂ ਵਿਚ ਪੁਰਸਕਾਰ ਕਮੇਟੀ ਇਸ ਨਿਯਮ ਵਿਚ ਛੋਟ ਦੇ ਸਕਦੀ ਹੈ | ਯੋਗ ਭਾਰਤੀ ਨਾਗਰਿਕ ਆਪਣੀਆਂ ਨਾਮੀਨੇਸ਼ਨਾਂ 15 ਜੂਨ 2026 ਤੱਕ ਆਨਲਾਈਨ ਪੋਰਟਲ ਰਾਹੀਂ ਭੇਜ ਸਕਦੇ ਹਨ |