ਪਠਾਨਕੋਟ, 14 ਜੂਨ (ਸੁਮਿਤ)-ਪਠਾਨਕੋਟ ਦੇ ਸਿਵਲ ਹਸਪਤਾਲ ਵਿਚ ਨਵਜਾਤ ਬੱਚਿਆਂ ਦੀ ਸੁਣਨ ਸਮਰੱਥਾ ਦੀ ਜਾਂਚ ਲਈ ਕਰੀਬ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਅਤਿਆਧੁਨਿਕ ਆਟੋ ਓਟੋਅਕੌਸਟਿਕ ਐਮੀਸ਼ਨ (ਓ.ਏ.ਈ.) ਮਸ਼ੀਨ ਸਥਾਪਤ ਕੀਤੀ ਗਈ ਹੈ | ਇਸ ਨਵੀਂ ਸਹੂਲਤ ਦੇ ਸ਼ੁਰੂ ਹੋਣ ਨਾਲ ਹੁਣ ਜਨਮ ਤੋਂ ਤੁਰੰਤ ਬਾਅਦ ਬੱਚਿਆਂ ਦੇ ਕੰਨਾਂ ਦੀ ਸੁਣਨ ਸਮਰੱਥਾ ਦੀ ਜਾਂਚ ਹਸਪਤਾਲ ਵਿਚ ਹੀ ਕੀਤੀ ਜਾ ਸਕੇਗੀ | ਮਸ਼ੀਨ ਦੀ ਰਸਮੀ ਸ਼ੁਰੂਆਤ ਹਸਪਤਾਲ ਦੇ ਐਸ.ਐਮ.ਓ. ਡਾ: ਸੁਨੀਲ ਚੰਦ, ਕੰਨ ਰੋਗ ਵਿਸ਼ੇਸ਼ਗਿਆ ਡਾ: ਸ਼ਾਲਿੰਦਰ ਤੇ ਟੈਕਨੀਸ਼ੀਅਨ ਕਮਲੇਸ਼ ਵਲੋਂ ਕੀਤੀ ਗਈ | ਇਸ ਮੌਕੇ ਇਕ ਨਵਜਾਤ ਬੱਚੇ ਦੀ ਸੁਣਨ ਸਮਰੱਥਾ ਦੀ ਸਫਲ ਜਾਂਚ ਵੀ ਕੀਤੀ ਗਈ | ਐਸ.ਐਮ.ਓ. ਡਾ: ਸੁਨੀਲ ਚੰਦ ਨੇ ਦੱਸਿਆ ਕਿ ਨਵਜਾਤ ਬੱਚਿਆਂ ਵਿਚ ਸੁਣਨ ਨਾਲ ਸਬੰਧਿਤ ਸਮੱਸਿਆਵਾਂ ਦਾ ਸਮੇਂ ਸਿਰ ਪਤਾ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ | ਜੇਕਰ ਕਿਸੇ ਬੱਚੇ ਨੂੰ ਜਨਮ ਤੋਂ ਹੀ ਸੁਣਨ ਦੀ ਕੋਈ ਸਮੱਸਿਆ ਹੋਵੇ ਤਾਂ ਉਸ ਦਾ ਸ਼ੁਰੂਆਤੀ ਪੜ੍ਹਾਅ ਵਿਚ ਹੀ ਇਲਾਜ ਅਤੇ ਲੋੜੀਂਦੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕਦੀ ਹੈ | ਨਵੀਂ ਮਸ਼ੀਨ ਦੇ ਆਉਣ ਨਾਲ ਮਾਪਿਆਂ ਨੂੰ ਨਿੱਜੀ ਹਸਪਤਾਲਾਂ ਵਿਚ ਮਹਿੰਗੇ ਟੈਸਟ ਕਰਵਾਉਣ ਦੀ ਲੋੜ ਨਹੀਂ ਪਵੇਗੀ | ਕੰਨ ਰੋਗ ਮਾਹਰ ਡਾ: ਸ਼ਾਲਿੰਦਰ ਨੇ ਦੱਸਿਆ ਕਿ ਆਟੋ ਓਟੋਅਕੌਸਟਿਕ ਐਮੀਸ਼ਨ ਮਸ਼ੀਨ ਰਾਹੀਂ ਨਵਜਾਤ ਬੱਚਿਆਂ ਦੇ ਕੰਨਾਂ ਦੀ ਕਾਰਗੁਜ਼ਾਰੀ ਦੀ ਤੇਜ਼, ਸੁਰੱਖਿਅਤ ਤੇ ਸਹੀ ਜਾਂਚ ਕੀਤੀ ਜਾਂਦੀ ਹੈ |