03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਵਿਭਾਗ ਵਲੋਂ ਕਿਸਾਨਾਂ ਨੂੰ ਉਤਸ਼ਾਹਿਤ ਨਾ ਕਰਨ ਕਾਰਨ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਤੋਂ ਮੂੰਹ ਮੋੜਨ ਲੱਗੇ

Ad Position 21
No active advertisement
ਅਜੀਤ ਡੈਸਕ 27-06-2026
ਗੁਰਦਾਸਪੁਰ, 26 ਜੂਨ (ਚੱਕਰਾਜਾ)-ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕਰਨ ਦੇ ਬਾਵਜੂਦ ਵੀ ਕਿਸਾਨਾਂ ਵਲੋਂ ਜ਼ਿਲ੍ਹੇ ਅੰਦਰ ਸਿੱਧੀ ਬਿਜਾਈ ਕਰਨ ਤੋਂ ਇਸ ਵਾਰ ਮੂੰਹ ਮੋੜਿਆ ਗਿਆ ਹੈ ਤੇ ਕਿਸਾਨਾਂ ਵਲੋਂ ਝੋਨੇ ਦੀ ਪਨੀਰੀ ਪੁੱਟ ਕੇ ਝੋਨਾ ਲਗਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਭਾਵੇਂ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ (ਡੀ.ਐਸ.ਆਰ) ਵਿਧੀ ਅਪਣਾਉਣ ਵੱਲ ਉਤਸ਼ਾਹਿਤ ਕਰਦਿਆਂ 1500 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ। ਪਰ ਇਸ ਦੇ ਬਾਵਜੂਦ ਵੀ ਜਿਸ ਖੇਤਰ ਅੰਦਰ ਪਿਛਲੇ ਸਾਲ ਕਾਫ਼ੀ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ, ਉਸ ਖੇਤਰ ਅੰਦਰ ਇਸ ਵਾਰ ਰਕਬਾ ਘਟਦਾ ਦਿਖਾਈ ਦਿੱਤਾ। ਇਸ ਸਬੰਧੀ ਜੇਕਰ ਖੇਤੀਬਾੜੀ ਵਿਭਾਗ ਦੀ ਗੱਲ ਕਰੀਏ ਤਾਂ ਵਿਭਾਗ ਵੀ ਕਿਸਾਨਾਂ ਨੂੰ ਇਸ ਪਾਸੇ ਉਤਸ਼ਾਹਿਤ ਕਰਨ ’ਚ ਅਸਫਲ ਰਿਹਾ ਹੈ।ਜਦੋਂ ਕਿ ਲੋੜ ਸੀ ਕਿ ਵਿਭਾਗ ਵਲੋਂ ਪਿੰਡ ਪੱਧਰ ’ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਡੀ.ਐਸ.ਆਰ ਵਿਧੀ ਅਪਣਾਉਣ ਦੇ ਫ਼ਾਇਦੇ ਦੱਸਦਿਆਂ ਇਸ ਵੱਲ ਪ੍ਰੇਰਿਤ ਕੀਤਾ ਜਾਂਦਾ ਤੇ ਇਸ ਵਿਧੀ ਦੇ ਫ਼ਾਇਦਿਆਂ, ਬਿਜਾਈ ਦੇ ਢੰਗ ਸਬੰਧੀ ਸੇਧ ਦਿੱਤੀ ਜਾਂਦੀ। ਜੇਕਰ ਖੇਤੀਬਾੜੀ ਵਿਭਾਗ ਬਲਾਕ ਦੀਨਾਨਗਰ ਦੀ ਗੱਲ ਕਰੀਏ ਤਾਂ ਇਸ ਬਲਾਕ ਅੰਦਰ ਪਿਛਲੇ ਸਾਲ ਕਾਫ਼ੀ ਵੱਡੀ ਪੱਧਰ ’ਤੇ ਕਿਸਾਨਾਂ ਵਲੋਂ ਸਿੱਧੀ ਬਿਜਾਈ ਕੀਤੀ ਗਈ ਸੀ। ਪਰ ਇਸ ਵਾਰ ਵਿਭਾਗ ਦੀ ਕਿਸਾਨਾਂ ਨੂੰ ਜਾਗਰੂਕ ਕਰਨ ਪ੍ਰਤੀ ਕਾਰਗੁਜ਼ਾਰੀ ਘਟੀਆ ਸਾਬਤ ਹੋਈ ਹੈ। ਇਹ ਵੀ ਸਾਹਮਣੇ ਆਇਆ ਕਿ ਭਾਵੇਂ ਪਿਛਲੇ ਸਾਲ ਪੰਜਾਬ ਸਰਕਾਰ ਵਲੋਂ ਵੀ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਜ਼ੋਰ ਦਿੰਦਿਆਂ ਸਰਕਾਰ ਦੇ ਨੁਮਾਇੰਦਿਆਂ, ਆਗੂਆਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ‘ਆਪ’ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਕਿਸਾਨਾਂ ਨੂੰ ਉਤਸ਼ਾਹਿਤ ਕਰਦਿਆਂ ਬਿਜਾਈ ਕਰਵਾਈ ਗਈ ਸੀ। ਪਰ ਇਸ ਵਾਰ ਇਨ੍ਹਾਂ ਵਲੋਂ ਵੀ ਕੋਈ ਦਿਲਚਸਪੀ ਨਹੀਂ ਦਿਖਾਈ ਗਈ। ਦੂਜੇ ਪਾਸੇ ਸਰਹੱਦੀ ਖੇਤਰ ਬਲਾਕ ਦੋਰਾਂਗਲਾ ਦੀਨਾਨਗਰ ਅੰਦਰ ਉਨ੍ਹਾਂ ਦਿਨਾਂ ਦੌਰਾਨ ਜਦੋਂ ਝੋਨੇ ਦੀ ਸਿੱਧੀ ਬਿਜਾਈ ਦਾ ਸਮਾਂ ਸੀ, ਬਿਜਲੀ ਸਪਲਾਈ ਵੀ ਘੱਟ ਮਿਲਣ ਕਾਰਨ ਕਿਸਾਨ ਬਿਜਾਈ ਨਹੀਂ ਕਰ ਸਕੇ, ਕਿਉਂਕਿ ਜੇਕਰ ਮਾਹਿਰਾਂ ਦੀ ਗੱਲ ਮੰਨੀਏ ਤਾਂ ਉਨ੍ਹਾਂ ਅਨੁਸਾਰ ਖੇਤ ਨੂੰ ਇਕ ਵਾਰ ਪਾਣੀ ਲਗਾ ਕੇ ਉਸ ਵਿਚ ਨਦੀਨ ਉੱਗਣ ਤੋਂ ਬਾਅਦ ਉਸ ਖੇਤ ’ਚ ਵਹਾਈ ਕਰਕੇ ਉਸ ਤੋਂ ਬਾਅਦ ਮੁੜ ਖੇਤ ਨੂੰ ਪਾਣੀ ਲਗਾ ਕੇ ਤਰ ਵੱਤਰ ’ਚ ਕੀਤੀ ਬਿਜਾਈ ਲਾਹੇਵੰਦ ਹੁੰਦੀ ਹੈ, ਜਿਸ ਨਾਲ ਨਦੀਨਾਂ ਦਾ ਕੰਟਰੋਲ ਰਹਿੰਦਾ ਹੈ। ਪਰ ਸਮੇਂ ਸਿਰ ਖੇਤਾਂ ਨੂੰ ਪਾਣੀ ਲਗਾਉਣ ਲਈ ਬਿਜਲੀ ਸਪਲਾਈ ਵੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ। ਜਿਸ ਕਾਰਨ ਕਿਸਾਨ ਇਸ ਵਾਰ ਸਮੇਂ ਸਿਰ ਬਿਜਾਈ ਕਰਨ ਤੋਂ ਪੱਛੜ ਗਏ। ਸਰਕਾਰ ਵਲੋਂ ਇਸ ਵਾਰ ਜ਼ਿਲ੍ਹਾ ਗੁਰਦਾਸਪੁਰ ਅੰਦਰ ਝੋਨੇ ਦੀ ਬਿਜਾਈ 1 ਜੂਨ ਤੋਂ ਸ਼ੁਰੂ ਕਰਵਾਉਣ ਕਾਰਨ ਵੀ ਲੋਕਾਂ ਵਲੋਂ ਸਿੱਧੀ ਬਿਜਾਈ ਨੂੰ ਛੱਡ ਰਵਾਇਤੀ ਢੰਗ ਨਾਲ ਝੋਨਾ ਲਗਾਉਣ ਨੂੰ ਹੀ ਤਰਜੀਹ ਦਿੱਤੀ ਗਈ। ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਤੇ ਸਰਕਾਰ ਵਲੋਂ ਇਸ ਪਾਸੇ ਉਚੇਚਾ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਕਿਸਾਨ ਪੂਰੀ ਤਰ੍ਹਾਂ ਸਿੱਧੀ ਬਿਜਾਈ ਤੋਂ ਮੂੰਹ ਮੋੜ ਲੈਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਸ ਪਾਸੇ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਉਸ ਨੂੰ ਸਹੀ ਸੇਧ ਦਿੱਤੀ ਜਾਂਦੀ ਹੈ ਤਾਂ ਸਿੱਧੀ ਬਿਜਾਈ ਲਾਹੇਵੰਦ ਹੋ ਸਕਦੀ ਹੈ ਅਤੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਇਆ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਮਨਜੀਤ ਸਿੰਘ ‘ਆਪ’ ਲੀਗਲ ਸੈਲ ਬਟਾਲਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਸੰਗਰੂਰ ’ਚ ਰੋਸ ਪ੍ਰਦਰਸ਼ਨ ਕੱਲ੍ਹ-ਸੈਣੀ
Ad Position 24
No active advertisement