ਪਠਾਨਕੋਟ, 30 ਜੂਨ (ਸੁਮਿਤ)-ਹਿਮਾਚਲ ਪ੍ਰਦੇਸ਼ ਦੀ ਖੂਬਸੂਰਤ ਕਾਂਗੜਾ ਘਾਟੀ ਜਾਣ ਵਾਲੇ ਸੈਲਾਨੀਆਂ ਅਤੇ ਸਥਾਨਿਕ ਲੋਕਾਂ ਲਈ ਰੇਲਵੇ ਦੀ ਵੱਡੀ ਖੁਸ਼ਖਬਰੀ ਹੈ। ਆਉਣ ਵਾਲੀ 3 ਜੁਲਾਈ ਤੋਂ ਪਠਾਨਕੋਟ-ਜੋਗਿੰਦਰ ਨਗਰ ਨੈਰੋਗੇਜ ਰੇਲ ਮਾਰਗ ‘ਤੇ ਸਾਰੀਆਂ ਸੱਤ ਜੋੜੀਆਂ ਟ੍ਰੇਨਾਂ ਦਾ ਨਿਯਮਿਤ ਸੰਚਾਲਨ ਮੁੜ ਸ਼ੁਰੂ ਕੀਤਾ ਜਾਵੇਗਾ। ਰੇਲਵੇ ਦੇ ਇਸ ਫੈਸਲੇ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ‘ਤੇ ਹੋਈ ਉੱਚ-ਪੱਧਰੀ ਮੀਟਿੰਗ ਦੌਰਾਨ ਇਸ ਮਹੱਤਵਪੂਰਨ ਫੈਸਲੇ ਨੂੰ ਅੰਤਿਮ ਮਨਜ਼ੂਰੀ ਦਿੱਤੀ ਗਈ। ਇਸ ਸਮੀਖਿਆ ਮੀਟਿੰਗ ’ਚ ਫਿਰੋਜ਼ਪੁਰ ਰੇਲ ਮੰਡਲ ਦੇ ਮੰਡਲ ਰੇਲ ਪ੍ਰਬੰਧਕ (ਡੀ.ਆਰ.ਐਮ.) ਵਿਵੇਕ ਕੁਮਾਰ ਤੇ ਕਾਂਗੜਾ-ਚੰਬਾ ਸੰਸਦੀ ਹਲਕੇ ਦੇ ਸੰਸਦ ਮੈਂਬਰ ਡਾ. ਰਾਜੀਵ ਭਾਰਦਵਾਜ ਸਮੇਤ ਰੇਲਵੇ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਲੰਮੇ ਸਮੇਂ ਤੋਂ ਨੈਰੋਗੇਜ ਟ੍ਰੈਕ ਦੇ ਜ਼ਰੂਰੀ ਰੱਖ-ਰਖਾਅ ਅਤੇ ਮੇਨਟੇਨੈਂਸ ਕਾਰਨ ਰੇਲ ਸੇਵਾਵਾਂ ਸੀਮਿਤ ਚੱਲ ਰਹੀਆਂ ਸਨ। ਰੇਲਵੇ ਅਧਿਕਾਰੀਆਂ ਮੁਤਾਬਿਕ ਪਹਿਲਾਂ ਪਠਾਨਕੋਟ ਤੋਂ ਬੈਜਨਾਥ ਵਿਚਕਾਰ ਸਿਰਫ਼ ਦੋ ਜੋੜੀਆਂ ਟਰੇਨਾਂ ਹੀ ਚੱਲ ਰਹੀਆਂ ਸਨ। ਟ੍ਰੈਕ ਦੇ ਕੰਮ ਕਾਰਨ ਹਰ ਸ਼ੁੱਕਰਵਾਰ ਇਹ ਸੇਵਾ ਵੀ ਬੰਦ ਰਹਿੰਦੀ ਸੀ। ਜਾਣਕਾਰੀ ਮੁਤਾਬਿਕ ਹੁਣ ਟ੍ਰੈਕ ਦਾ ਜ਼ਰੂਰੀ ਰੱਖ-ਰਖਾਅ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਾ ਹੈ। ਇਸ ਲਈ 3 ਜੁਲਾਈ ਤੋਂ ਸਾਰੀਆਂ ਸੱਤ ਜੋੜੀਆਂ ਨੈਰੋਗੇਜ ਪੈਸੇਂਜਰ ਟਰੇਨਾਂ ਦਾ ਨਿਯਮਿਤ ਸੰਚਾਲਨ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨਾਲ ਯਾਤਰੀਆਂ ਨੂੰ ਪਹਿਲਾਂ ਨਾਲੋਂ ਹੋਰ ਬਿਹਤਰ ਅਤੇ ਸੁਰੱਖਿਅਤ ਯਾਤਰਾ ਦੀ ਸਹੂਲਤ ਮਿਲੇਗੀ। ਰੇਲਵੇ ਦੇ ਇਸ ਫੈਸਲੇ ਨਾਲ ਮਾਨਸੂਨ ਅਤੇ ਆਉਣ ਵਾਲੇ ਤਿਉਹਾਰੀ ਮੌਸਮ ਦੌਰਾਨ ਹਿਮਾਚਲ ਪ੍ਰਦੇਸ਼ ਅਤੇ ਪਠਾਨਕੋਟ ਦੇ ਸੈਰ-ਸਪਾਟਾ ਖੇਤਰ ਨੂੰ ਨਵੀਂ ਰਫ਼ਤਾਰ ਮਿਲਣ ਦੀ ਉਮੀਦ ਹੈ। ਟਰੇਨਾਂ ਦਾ ਇਹ ਨਿਯਮਿਤ ਸੰਚਾਲਨ ਸਿਰਫ਼ ਸੈਲਾਨੀਆਂ ਲਈ ਹੀ ਨਹੀਂ, ਸਗੋਂ ਪੂਰੀ ਕਾਂਗੜਾ ਘਾਟੀ ਦੇ ਸਥਾਨਕ ਲੋਕਾਂ ਲਈ ਵੀ ਵੱਡੀ ਰਾਹਤ ਸਾਬਤ ਹੋਵੇਗਾ। ਰੋਜ਼ਾਨਾ ਸਫ਼ਰ, ਪੜ੍ਹਾਈ, ਰੁਜ਼ਗਾਰ ਅਤੇ ਛੋਟੇ-ਵੱਡੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਹੁਣ ਸਸਤੀ ਅਤੇ ਸੁਵਿਧਾਜਨਕ ਆਵਾਜਾਈ ਦਾ ਭਰੋਸੇਯੋਗ ਵਿਕਲਪ ਮਿਲੇਗਾ।