ਡੇਹਰੀਵਾਲ ਦਰੋਗਾ, 5 ਜੁਲਾਈ (ਹਰਦੀਪ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਹਲਕਾ ਕਾਦੀਆਂ ਅੰਦਰ ਸੜਕਾਂ ਬਣਾਉਣ ਦਾ ਜਾਲ ਵਿਛਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਡੇਹਰੀਵਾਲ ਦਰੋਗਾ ਤੋਂ ਵਾਇਆ ਠੱਕਰ ਸੰਧੂ, ਬੁੱਟਰ ਕਲਾਂ ਹੁੰਦੇ ਹੋਏ ਕਾਦੀਆਂ ਨੂੰ ਜਾਂਦੀ ਸੜਕ ਦਾ ਨਿਰਮਾਣ ਹਾਲ ਹੀ ’ਚ ਪੰਜਾਬ ਸਰਕਾਰ ਵਲੋਂ ਕਰਵਾਇਆ ਗਿਆ ਹੈ। ਨਵੀਂ ਸੜਕ ਬਣਨ ਨਾਲ ਇਲਾਕੇ ਦੇ ਲੋਕਾਂ ’ਚ ਖੁਸ਼ੀ ਤਾਂ ਹੈ, ਪਰ ਸੜਕ ਦੇ ਦੋਵੇਂ ਪਾਸਿਆਂ ਬਰਮ (ਮਿੱਟੀ ਦੇ ਕੰਢੇ) ਨਾ ਲਗਾਏ ਜਾਣ ਕਾਰਨ ਇਸ ਦੀ ਮਜ਼ਬੂਤੀ ਤੇ ਲੰਬੀ ਉਮਰ ਨੂੰ ਲੈ ਕੇ ਗੰਭੀਰ ਚਿੰਤਾ ਵੀ ਸਾਹਮਣੇ ਆ ਰਹੀ ਹੈ। ਸੜਕ ਦੇ ਕਿਨਾਰਿਆਂ ’ਤੇ ਬਰਮ ਨਾ ਹੋਣ ਕਾਰਨ ਸੜਕ ਦਾ ਬਾਹਰੀ ਹਿੱਸਾ ਕਮਜ਼ੋਰ ਰਹਿ ਜਾਂਦਾ ਹੈ। ਭਾਰੀ ਵਾਹਨਾਂ ਦੀ ਆਵਾਜਾਈ ਦੌਰਾਨ ਕਿਨਾਰੇ ਟੁੱਟਣ ਦਾ ਖਤਰਾ ਵਧ ਜਾਂਦਾ ਹੈ, ਜਿਸ ਨਾਲ ਕੁੱਝ ਹੀ ਸਮੇਂ ਵਿਚ ਸੜਕ ਖਰਾਬ ਹੋ ਸਕਦੀ ਹੈ। ਇਸ ਨਾਲ ਨਾ ਸਿਰਫ਼ ਲੋਕਾਂ ਨੂੰ ਆਵਾਜਾਈ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ, ਸਗੋਂ ਸਰਕਾਰ ਵਲੋਂ ਵਿਕਾਸ ਕਾਰਜਾਂ ’ਤੇ ਖਰਚ ਕੀਤੀ ਗਈ ਕਰੋੜਾਂ ਰੁਪਏ ਦੀ ਰਕਮ ਵੀ ਵਿਅਰਥ ਜਾਣ ਦਾ ਖਦਸ਼ਾ ਹੈ। ਸਥਾਨਕ ਲੋਕਾਂ ਨੇ ਕਿਹਾ ਨੇ ਸੜਕ ਨਿਰਮਾਣ ਦੇ ਨਾਲ-ਨਾਲ ਬਰਮ ਲਗਾਉਣਾ ਵੀ ਬਹੁਤ ਹੀ ਜਰੂਰੀ ਹੈ, ਕਿਉਂਕਿ ਇਸ ਨਾਲ ਸੜਕ ਨੂੰ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੜਕ ਦੇ ਦੋਵੇਂ ਪਾਸਿਆਂ ਤੁਰੰਤ ਬਰਮ ਲਗਾਏ ਜਾਣ ਅਤੇ ਨਿਰਮਾਣ ਕਾਰਜ ਦੀ ਤਕਨੀਕੀ ਜਾਂਚ ਕਰਵਾਈ ਜਾਵੇ, ਤਾਂ ਜੋ ਭਵਿੱਖ ਵਿਚ ਸੜਕ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।
ਨਵੀਆਂ ਬਣੀਆਂ ਸੜਕਾਂ ਨਾਲ ਬਰਮ ਨਾ ਲੱਗਣ ਕਾਰਨ ਟੁੱਟਣ ਦਾ ਸਥਾਨਕ ਲੋਕਾਂ ਨੇ ਖਦਸ਼ਾ ਪ੍ਰਗਟਾਇਆ
ਅਜੀਤ ਡੈਸਕ
06-07-2026