ਕਲਾਨੌਰ, 5 ਜੁਲਾਈ (ਪੁਰੇਵਾਲ)-ਸਥਾਨਕ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ’ਚ ਕਲਾਨੌਰ ਸਮੇਤ ਵੱਖ-ਵੱਖ ਪਿੰਡਾਂ ਤੋਂ ਦਰਜਨਾਂ ਲੋਕ ਆਵਾਰਾ ਕੁੱਤਿਆ ਵਲੋਂ ਕੱਟਣ ਉਪਰੰਤ ਮੁੱਢਲੀ ਸਹਾਇਤਾ ਲੈਣ ਲਈ ਪਹੁੰਚੇ ਹਨ, ਜਿਨ੍ਹਾਂ ’ਚੋਂ ਇਕ ਦੀ ਹਾਲਤ ਗੰਭੀਰ ਹੋਣ ਉਪਰੰਤ ਉਸ ਨੂੰ ਗੁਰਦਾਸਪੁਰ ਤਬਦੀਲ ਕੀਤਾ ਗਿਆ ਹੈ। ਜਾਣਕਾਰੀ ਸਾਂਝੀ ਕਰਦਿਆਂ ਕਲਾਨੌਰ ਸਮੇਤ ਵੱਖ-ਵੱਖ ਪਿੰਡਾਂ ਦੇ ਵਾਸੀਆਂ ਰਣਜੀਤ ਸਿੰਘ ਕਲਾਨੌਰ, ਕੁਲਦੀਪ ਕੌਰ ਕੋਟਲੀ, ਮਹਿੰਦਰ ਸਿੰਘ ਅਠਵਾਲ, ਜਤਿੰਦਰ ਸਿੰਘ ਕਲਾਨੌਰ, ਰਾਧਿਕਾ, ਸੋਨਮ ਜੌੜਾ, ਸੋਨੀਆ ਬਖਸ਼ੀਵਾਲ, ਜੇਮਸ਼ ਗਿੱਲ ਕਾਦੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਵਾਰਾ ਕੁੱਤਿਆਂ ਵਲੋਂ ਕੱਟਿਆ ਗਿਆ। ਉਨ੍ਹਾਂ ਦੱਸਿਆ ਕਿ ਆਵਾਰਾ ਕੁੱਤੇ ਸੜਕਾਂ ’ਤੇ ਆਮ ਫਿਰਦੇ ਰਹਿੰਦੇ ਹਨ ਤੇ ਝੁੰਡ ਬਣਾ ਕੇ ਇਕਦਮ ਹਮਲਾ ਕਰ ਦਿੰਦੇ ਹਨ, ਜਿਸ ਨਾਲ ਲੋਕਾਂ ’ਚ ਸਹਿਮ ਦਾ ਮਾਹੌਲ ਹੈ। ਲੋਕਾਂ ਨੇ ਦੱਸਿਆ ਕਿ ਆਵਾਰਾ ਕੁੱਤਿਆਂ ਕਾਰਨ ਉਨ੍ਹਾਂ ਦੇ ਬੱਚੇ ਬਾਹਰ ਘੁੰਮਣ ਫਿਰਨ ਤੋਂ ਵੀ ਅਸਮਰੱਥ ਹਨ। ਆਵਾਰਾ ਕੁੱਤਿਆਂ ਦੀ ਬਲਾਕ ਦੇ ਪਿੰਡ ਭਿਖਾਰੀਵਾਲ ਵਿਖੇ ਵੀ ਦਹਿਸ਼ਤ ਪਾਈ ਜਾ ਰਹੀ ਹੈ। ਇਥੇ ਹਲਕਾਏ ਕੁੱਤੇ ਵਲੋਂ 6 ਜਣਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ, ਜਿਸ ’ਚ ਬਜ਼ੁਰਗ ਨੂੰ ਗੁਰਦਾਸਪੁਰ ਤਬਦੀਲ ਕੀਤਾ ਗਿਆ। ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ਦੇ ਮੈਡੀਕਲ ਅਫ਼ਸਰ ਡਾ. ਅਕਸ਼ਿਤ ਮਹਾਜਨ ਨੇ ਦੱਸਿਆ ਕਿ ਪਿੰਡ ਭਿਖਾਰੀਵਾਲ ਦੀ ਇੱਕ ਔਰਤ ਸਮੇਤ 6 ਜਣਿਆਂ ਨੂੰ ਕੁੱਤੇ ਵਲੋਂ ਕੱਟਿਆ ਗਿਆ, ਜਿਨ੍ਹਾਂ ਨੂੰ ਤੁਰੰਤ ਮੁੱਢਲੀ ਸਹਇਤਾ ਦਿੱਤੀ ਗਈ, ਜਿਸ ’ਚ ਬਜ਼ੁਰਗ ਮੱਖਣ ਮਸੀਹ ਜਿਸ ਨੂੰ ਕੁੱਤੇ ਵਲੋਂ ਨੋਚ ਕੇ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ, ਨੂੰ ਮੁੱਢਲੀ ਸਹਾਇਤਾ ਦੇ ਕੇ ਗੁਰਦਾਸਪੁਰ ਤਬਦੀਲ ਕੀਤਾ ਗਿਆ ਹੈ। ਇਸੇ ਤਰ੍ਹਾਂ ਬੀਤੇ ਦਿਨ ਬਟਾਲਾ ਮਾਰਗ ’ਤੇ ਆਵਾਰਾ ਕੁੱਤਿਆਂ ਦੇ ਝੁੰਡ ਕਾਰਨ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ, ਇਸ ਦੌਰਾਨ ਚਾਲਕ ਜਗਜੀਤ ਸਿੰਘ ਵਾਸੀ ਚੌੜਾ ਸਮੇਤ ਉਸ ਦੀ ਪਤਨੀ ਵੀ ਜ਼ਖਮੀ ਹੋ ਗਈ। ਮੈਡੀਕਲ ਅਫਸਰ ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਅਪੀਲ ਕੀਤੀ ਕਿ ਜੇਕਰ ਕੁੱਤੇ ਵਲੋਂ ਕੱਟਿਆ ਜਾਂਦਾ ਹੈ ਤਾਂ ਘਰੇਲੂ ਨੁਸਖਿਆਂ ਦੀ ਜਗ੍ਹਾ ਡਾਕਟਰੀ ਸਹਾਇਤਾ ਪ੍ਰਾਪਤ ਕੀਤੀ ਜਾਵੇ।
-ਅਵਾਰਾ ਕੁੱਤਿਆ ਦਾ ਕਹਿਰ- ਕਲਾਨੌਰ ਸਮੇਤ ਵੱਖ-ਵੱਖ ਪਿੰਡਾਂ ਦੇ ਦਰਜਨਾਂ ਲੋਕਾਂ ਨੂੰ ਕੱਟਿਆ
ਅਜੀਤ ਡੈਸਕ
06-07-2026