ਬਟਾਲਾ, 7 ਜਲਾਈ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਭਾਜਪਾ ਦੇ ਇੰਚਾਰਜ ਬਲਜਿੰਦਰ ਸਿੰਘ ਦਕੋਹਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਚੰਡੀਗੜ੍ਹ ਵਿਖੇ ਆਪਣੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਸੀਨੀਅਰ ਵਰਕਰਾਂ ਸਮੇਤ ਮੁਲਾਕਾਤ ਕੀਤੀ। ਇਸ ਮੌਕੇ ਸ: ਦਕੋਹਾ ਨੇ ਸ਼੍ਰੀ ਸੈਣੀ ਨੂੰ ਦੱਸਿਆ ਕਿ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਨਾਂਅ ’ਤੇ ਆਪ ਜ਼ਮੀਨ ਖਰੀਦ ਕੇ ਵੱਖ-ਵੱਖ ਫਿਰਕਿਆਂ ਦੇ ਲੋਕਾਂ ਨੂੰ ਪ੍ਰੇਰਿਤ ਕਰਕੇ ਇਹ ਸ਼ਹਿਰ ਵਸਾਇਆ ਸੀ, ਪਰ ਵਿਕਾਸ ਪੱਖੋਂ ਅੱਜ ਤੱਕ ਅਣਗੌਲਿਆ ਰਿਹਾ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਇਹ ਹਲਕਾ ਨਿੱਤ ਦਿਨ ਦੀਆਂ ਲੁੱਟ-ਖੋਹ ਦੀਆਂ ਵਾਰਦਾਤਾਂ, ਗੋਲੀਬਾਰੀ ਦੀਆਂ ਘਟਨਾਵਾਂ, ਚੋਰੀਆਂ, ਨਸ਼ਾ ਤਸਕਰਾਂ ਦਾ ਬੋਲਬਾਲਾ, ਅਮਨ-ਕਾਨੂੰਨ ਦੀ ਮਾੜੀ ਸਥਿਤੀ ਤੋਂ ਇਥੋਂ ਦੀ ਆਮ ਜਨਤਾ ਬਹੁਤ ਪ੍ਰੇਸ਼ਾਨ ਹੈ। ਇਸ ਤੋਂ ਇਲਾਵਾ ਸ਼੍ਰੀ ਸੈਣੀ ਨਾਲ ਦਕੋਹਾ ਨੇ ਬੀਜੇਪੀ ਸੰਗਠਨ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੰਜਾਬ ’ਚ ਬੀਜੇਪੀ ਦੀ ਸਰਕਾਰ ਆਉਣ ’ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਸਮੇਂ ਅਮਿਤ ਕੁਮਾਰ ਮੱਲ੍ਹਣ ਮੰਡਲ ਪ੍ਰਧਾਨ, ਖਜਾਨ ਸਿੰਘ ਮੰਡਲ ਪ੍ਰਧਾਨ, ਜਸਪਾਲ ਸਿੰਘ ਜਨ. ਸਕੱਤਰ ਐੱਸ.ਸੀ. ਮੋਰਚਾ, ਸੁਬੇਗ ਸਿੰਘ, ਰਾਮ, ਡਾ. ਬਲਜਿੰਦਰ ਸਿੰਘ ਸਕੱਤਰ, ਹਰਵਿੰਦਰ ਸਿੰਘ ਬਰਿਆਰ ਮੰਡਲ ਘੁਮਾਣ, ਹਰਪ੍ਰੀਤ ਕੌਰ ਸਾਬਕਾ ਪ੍ਰਧਾਨ ਜ਼ਿਲ੍ਹਾ ਮਹਿਲਾ ਮੋਰਚਾ, ਹੰਸਾ ਸਿੰਘ, ਰਾਜੂ ਬਾਲਮੀਕੀ, ਸੁਖਰਾਜ ਸਿੰਘ ਆਦਿ ਹਾਜ਼ਰ ਸਨ।