ਸ਼ਾਹਪੁਰ ਕੰਢੀ, 7 ਜੁਲਾਈ (ਰਣਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸਿੰਜਾਈ ਲਈ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਸ਼ਾਹਪੁਰ ਕੰਢੀ ਡੈਮ ਦੀ ਨਹਿਰ ’ਚੋਂ ਕੰਢੀ ਇਲਾਕੇ ਦੇ ਖੇਤਾਂ ਨੂੰ ਪਾਣੀ ਦੇਣ ਲਈ ਬਣਾਏ ਚੈਨਲ ਨੰਬਰ-03 ਅਤੇ 04 ਦਾ ਉਦਘਾਟਨ ਪੰਜਾਬ ਸਰਕਾਰ ਦੇ ਖਣਨ ਅਤੇ ਭੂ ਵਿਗਿਆਨ, ਭੂਮੀ ਤੇ ਜਲ ਸੰਭਾਲ ਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੈਨਲਾਂ ਉਪਰ 38 ਕਰੋੜ ਰੁਪਏ ਦੀ ਲਾਗਤ ਆਈ ਹੈ ਤੇ ਇਹ ਖਾਲ 17 ਕਿੱਲੋਮੀਟਰ ਲੰਬੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਵਾਅਦਾ ਟੇਲਾਂ ਤੱਕ ਪਾਣੀ ਪਹੁੰਚ ਦਾ ਕੀਤਾ ਸੀ, ਉਹ ਪੂਰਾ ਕੀਤਾ ਹੈ। ਇਹ ਚੈਨਲਾਂ ਨਾਲ 13 ਹਜ਼ਾਰ ਏਕੜ ਨੂੰ ਸਿੰਚਾਈ ਯੋਗ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਨ੍ਹਾਂ ਚੈਨਲਾਂ ਦੇ ਨਿਰਮਾਣ ਨਾਲ ਧਰਤੀ ਹੇਠਲਾ ਪਾਣੀ ਬਚਾਇਆ ਹੈ। ਜਿਸ ਤਰ੍ਹਾਂ ਪੰਜਾਬ ਅੰਦਰ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਸੀ, ਉਹ ਆਉਣ ਵਾਲੇ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਸਕਦਾ ਸੀ। ਇਸ ਮੁੱਖ ਮੰਤਰੀ ਦੇ ਉਪਰਾਲੇ ਦੀ ਕੇਂਦਰੀ ਮੰਤਰੀ ਵੀ ਸ਼ਲਾਘਾ ਕਰ ਰਹੇ ਹਨ। ਇਸ ਸਰਕਾਰ ਤੋਂ ਪਹਿਲਾਂ ਕੇਵਲ 26 ਪ੍ਰਤੀਸ਼ਤ ਨਹਿਰੀ ਪਾਣੀ ਹੀ ਵਰਤੋਂ ਵਿਚ ਆਉਂਦਾ ਸੀ, ਬਾਕੀ ਸਾਰਾ ਪਾਣੀ ਦੂਜਿਆਂ ਸੂਬਿਆਂ ਨੂੰ ਚਲਾ ਜਾਂਦਾ ਸੀ। ਇਸ ਸਰਕਾਰ ਦੇ ਯਤਨਾਂ ਸਦਕਾ ਅੱਜ 80 ਪ੍ਰਤੀਸ਼ਤ ਪਾਣੀ ਦੀ ਵਰਤੋਂ ਸਿੰਚਾਈ ਲਈ ਹੋ ਰਹੀ ਹੈ। ਜਲਦੀ ਹੀ ਇਹ ਪ੍ਰਤੀਸ਼ਤ 86 ਪ੍ਰਤੀਸ਼ਤ ਹੋ ਜਾਵੇਗਾ। ਹੜ੍ਹਾਂ ਦੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ ਸਾਲ ਤੋਂ ਹੀ ਹੜ੍ਹਾਂ ਪ੍ਰਤੀ ਗੰਭੀਰ ਹੈ। ਮਾਧੋਪੁਰ ਹਾਈਡਲ ਦੇ ਜਿਹੜੇ ਗੇਟ ਟੁੱਟ ਗਏ ਸਨ, ਉਨ੍ਹਾਂ ਨੂੰ ਇਲੈਕਟ੍ਰੋਨਿਕ ਬਣਾ ਦਿੱਤਾ ਗਿਆ। ਉਹ ਗੇਟ ਹੁਣ ਹਰ ਹਲਾਤ ਨੂੰ ਨਜਿੱਠਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਤਿਆਰੀਆਂ ਦਾ ਜਾਇਜ਼ਾ ਲੈਣ ਹੀ ਆਏ ਹਨ। ਇਸ ਮੌਕੇ ਉਨ੍ਹਾਂ ਨਾਲ ਸ਼ਾਹਪੁਰ ਕੰਢੀ ਡੈਮ ਦੇ ਮੁੱਖ ਇੰਜੀਨੀਅਰ ਸ਼ੇਰ ਸਿੰਘ, ਇੰਜੀ: ਰਾਜੇਸ਼ ਮਹਿਤਾ, ਡੀ.ਐਸ.ਪੀ. ਰਾਜੇਸ਼ ਕੱਕੜ, ਐਸ.ਐਚ.ਓ. ਮੋਹਿਤ ਟਾਂਕ ਤੇ ਡੈਮ ਦੇ ਹੋਰ ਅਧਿਕਾਰੀ ਹਾਜ਼ਰ ਸਨ।