ਗੁਰਦਾਸਪੁਰ, 9 ਜੁਲਾਈ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਆਗੂ ਕੁਲਦੀਪ ਪੂਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾ ਕੋ-ਕਨਵੀਨਰ ਗੁਰਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਐਸ.ਆਈ.ਆਰ. ਦੇ ਸਰਵੇ ’ਚ ਡਿਊਟੀ ਕਰ ਰਹੇ ਮੁਲਾਜ਼ਮਾਂ ’ਤੇ ਮਾਨਸਿਕ ਤੌਰ ’ਤੇ ਪ੍ਰਸ਼ਾਸਨ ਵਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਜਿਸ ਕਾਰਨ ਮੁਲਾਜ਼ਮ ਰਾਤ ਭਰ ਜਾਗ ਕੇ ਕੰਮ ਕਰ ਰਹੇ ਹਨ, ਪਰ ਪ੍ਰਸ਼ਾਸਨ ਵਲੋਂ ਕੰਮ ਨੂੰ ਜਲਦੀ ਨਾਲ ਨਿਬੇੜਨ ਦਾ ਮੁਲਾਜ਼ਮਾਂ ’ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ।ਪਰ ਗਰਾਊਂਡ ਪੱਧਰ ’ਤੇ ਹਕੀਕਤ ਕੁਝ ਹੋਰ ਹੈ। ਐਸ.ਆਈ.ਆਰ. ਦੇ ਕੰਮ ਦੇ ਬੇਲੋੜੇ ਦਬਾਅ ਕਾਰਨ ਭੈਣੀ ਮੀਆਂ ਖਾਂ ਸਕੂਲ ਵਿਚ ਡਿਊਟੀ ਕਰ ਰਹੇ ਅਧਿਆਪਕ ਗੁਰਪ੍ਰੀਤ ਸਿੰਘ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ । ਜਥੇਬੰਦੀਆਂ ਨੂੰ ਹੋਣਹਾਰ ਅਧਿਆਪਕ ਦੀ ਮੌਤ ’ਤੇ ਬੇਹੱਦ ਅਫਸੋਸ ਹੈ। ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਹੋਇਆ ਸਮੂਹ ਅਧਿਆਪਕ ਜਥੇਬੰਦੀਆਂ ਦੀ ਲੀਡਰਸ਼ਿਪ ਨੇ ਪ੍ਰਸ਼ਾਸਨ ਵਲੋਂ ਪਾਏ ਜਾ ਰਹੇ ਬੇਲੋੜੇ ਦਬਾਅ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ । ਜੇਕਰ ਕਿਸੇ ਵੀ ਕਰਮਚਾਰੀ ਨਾਲ ਡਿਊਟੀ ਦੌਰਾਨ ਕੋਈ ਵਧੀਕੀ ਹੁੰਦੀ ਹੈ ਤਾਂ ਜਥੇਬੰਦੀਆਂ ਦੇ ਧਿਆਨ ਵਿਚ ਲਿਆਂਦਾ ਜਾਵੇ, ਸਮੁੱਚੀ ਲੀਡਰਸ਼ਿਪ ਆਪਣੇ ਕਰਮਚਾਰੀ ਸਾਥੀਆਂ ਨਾਲ ਚਟਾਨ ਵਾਂਗ ਖੜੀ ਹੈ। ਇਸ ਮੌਕੇ ਸੋਮ ਸਿੰਘ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਰਵਿੰਦਰਜੀਤ ਸਿੰਘ ਪੰਨੂ, ਅਮਨਬੀਰ ਸਿੰਘ ਗੋਰਾਇਆ, ਦਿਲਬਾਗ ਸਿੰਘ ਪੱਡਾ, ਅਸ਼ਵਨੀ ਕੁਮਾਰ ਫੱਜੂਪੁਰ, ਸਰਬਜੀਤ ਸਿੰਘ, ਬਲਰਾਜ ਸਿੰਘ, ਓਕਾਂਰ ਸਿੰਘ, ਤਰਸੇਮ ਪਾਲ, ਇੰਦਰਪਾਲ ਸਿੰਘ, ਲਵਪ੍ਰੀਤ ਸਿੰਘ ਰੋੜਾਂਵਾਲੀ, ਰਾਮ ਸਿੰਘ, ਗਗਨਦੀਪ ਸਿੰਘ, ਉਪਕਾਰ ਸਿੰਘ, ਅਮਰਬੀਰ ਸਿੰਘ, ਰਾਜ ਸੁਖਵਿੰਦਰ ਆਦਿ ਹਾਜ਼ਰ ਸਨ।