ਦੀਨਾਨਗਰ, 25 ਜੁਲਾਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਪਿਛਲੇ ਕਰੀਬ ਇਕ ਹਫਤੇ ਤੋਂ ਪੈ ਰਹੀ ਬਰਸਾਤ ਕਾਰਨ ਦੀਨਾਨਗਰ ਸ਼ਹਿਰ ਦੇ ਕੇਸਰ ਸਿਨੇਮਾ ਨੇੜੇ ਸਥਿਤ ਮੋਹਨ ਫਰਨੀਚਰ ਹਾਊਸ ਨਾਂਅ ਦੀ ਇਕ ਫਰਨੀਚਰ ਅਤੇ ਇਲੈਕਟ੍ਰਾਨਿਕ ਦੇ ਸ਼ੋਅਰੂਮ ਦੀ ਤਿੰਨ ਮੰਜਿਲਾਂ ਇਮਾਰਤ ਡਿੱਗ ਪਈ। ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸ਼ੋਅਰੂਮ ਦੇ ਮਾਲਕ ਜਗਮੋਹਨ ਸਿੰਘ ਅਤੇ ਉਸ ਦੇ ਬੇਟੇ ਗਗਨ ਮਠਾਰੂ ਨੇ ਦੱਸਿਆ ਕਿ ਲੰਘੀ ਸ਼ਾਮ ਉਹ ਸ਼ੋਅਰੂਮ ਬੰਦ ਕਰਕੇ ਘਰ ਚਲੇ ਗਏ ਸਨ ਕਿ ਰਾਤ 12 ਵਜੇ ਦੀ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਸ਼ੋਅਰੂਮ ਦੀ ਇਮਾਰਤ ਡਿੱਗ ਪਈ ਹੈ। ਜਦੋਂ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਸ਼ੋਅਰੂਮ ਦੀਆਂ ਤਿੰਨ ਮੰਜਿਲਾਂ ਢਹਿ ਢੇਰੀ ਹੋ ਚੁਕੀਆਂ ਸਨ ਅਤੇ ਅੰਦਰ ਪਿਆ ਫਰਨੀਚਰ ਤੇ ਇਲੈਕਟ੍ਰਾਨਿਕ ਵਗੈਰਾ ਦਾ ਸਮਾਨ ਮਲਬੇ ਹੇਠਾਂ ਦੱਬੇ ਜਾਣ ਕਾਰਨ ਖਰਾਬ ਹੋ ਗਿਆ ਸੀ। ਗਗਨ ਮਠਾਰੂ ਨੇ ਦੱਸਿਆ ਕਿ ਘਟਨਾ ਵਿਚ ਉਨ੍ਹਾਂ ਦੇ ਸ਼ੋਅਰੂਮ ਅੰਦਰ ਪਏ ਫਰਨੀਚਰ, ਇਲੈਕਟ੍ਰਾਨਿਕ ਦੇ ਸਮਾਨ ਅਤੇ ਸ਼ੋਅਰੂਮ ਦੀ ਇਮਾਰਤ ਦਾ ਕੁੱਲ ਮਿਲਾ ਕੇ ਕਰੀਬ 40 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਸ਼ੋਅਰੂਮ ਮਾਲਕਾਂ ਨੇ ਦੱਸਿਆ ਕਿ ਰਾਤ ਦਾ ਸਮਾਂ ਹੋਣ ਕਾਰਨ ਸ਼ੋਅਰੂਮ ਦੇ ਅੰਦਰ ਕੋਈ ਵੀ ਵਿਅਕਤੀ ਨਹੀਂ ਸੀ, ਨਹੀਂ ਤਾਂ ਨੁਕਸਾਨ ਹੋਰ ਜਿਆਦਾ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਲੋਕਾਂ ਦੀ ਸਹਾਇਤਾ ਨਾਲ ਮਲਬੇ ਨੂੰ ਹਟਾਉਣ ਦਾ ਕੰਮ ਆਰੰਭ ਕੀਤਾ ਗਿਆ ਹੈ ਅਤੇ ਮਲਬਾ ਹਟਾਉਣ ਦਾ ਕੰਮ ਮੁਕੰਮਲ ਹੋਣ ਮਗਰੋਂ ਹੀ ਨੁਕਸਾਨ ਦਾ ਪੂਰਾ ਪੂਰਾ ਪਤਾ ਲੱਗ ਸਕੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੇ ਬੇਟੇ ਲੋਕੇਸ਼ ਸਿੰਘ ਵੀ ਮੌਕੇ ’ਤੇ ਪਹੁੰਚੇ ਅਤੇ ਪੀੜਤ ਪਰਿਵਾਰ ਦਾ ਘਟਨਾ ਸਬੰਧੀ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਪ੍ਰਸ਼ਾਸ਼ਨ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।