ਪੰਡਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਗਰਲਜ਼ ਵਿਖੇ ਮਨੁੱਖੀ ਤਸਕਰੀ ਵਿਰੁੱਧ ਜਾਗਰੂਕਤਾ ਸੈਮੀਨਾਰ
ਫਤਹਿਗੜ੍ਹ ਚੂੜੀਆਂ, 7 ਅਗਸਤ (ਐਮ. ਐਸ.
ਫਤਹਿਗੜ੍ਹ ਚੂੜੀਆਂ, 7 ਅਗਸਤ (ਐਮ.ਐਸ. ਫੁੱਲ)-ਪੰਡਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਗਰਲਜ਼ ਫਤਹਿਗੜ੍ਹ ਚੂੜੀਆਂ ਵਿਖੇ ਸੋਸ਼ਾਲੋਜੀ ਵਿਭਾਗ ਵਲੋਂ ਮਨੁੱਖੀ ਤਸਕਰੀ ਵਿਰੁੱਧ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦੁਨੀਆ ਦੇ ਸਭ ਤੋਂ ਗੰਭੀਰ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਵਿਚੋਂ ਇਕ ਬਾਰੇ ਸਿੱਖਿਅਤ ਕਰਨਾ ਸੀ। ਇਸ ਮੌਕੇ ਕਾਲਜ ਕੈਂਪਸ ਵਿਚ ਮਨੁੱਖੀ ਤਸਕਰੀ ਦੇ ਵਿਸ਼ੇ ’ਤੇ ਆਧਾਰਿਤ ਇਕ ਛੋਟੀ ਫਿਲਮ ਵੀ ਦਿਖਾਈ ਗਈ। ਸੈਮੀਨਾਰ ਦਾ ਮੁੱਖ ਮੰਤਵ ਵਿਦਿਆਰਥਣਾਂ ਨੂੰ ਮਨੁੱਖੀ ਤਸਕਰੀ ਦੀਆਂ ਅਸਲ ਹਕੀਕਤਾਂ ਤੋਂ ਜਾਣੂ ਕਰਵਾਉਣਾ, ਖ਼ਤਰੇ ਦੇ ਸੰਕੇਤਾਂ ਦੀ ਪਛਾਣ ਕਰਨਾ ਸਿਖਾਉਣਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕਰਨਾ ਸੀ ਤਾਂ ਜੋ ਉਹ ਸਮਾਜ ਵਿਚ ਹੋ ਰਹੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾਉਣ ਦੇ ਸਮਰੱਥ ਬਣ ਸਕਣ। ਕਾਲਜ ਦੇ ਪ੍ਰਿੰਸੀਪਲ ਡਾ. ਮ੍ਰਿਣਾਲ ਗੁਪਤਾ ਨੇ ਵਿਦਿਆਰਥਣਾਂ ਨੂੰ ਪੂਰੀ ਤਰ੍ਹਾਂ ਸੁਚੇਤ ਰਹਿ ਕੇ ਸਮਾਜ ਵਿਚ ਜਾਗਰੂਕਤਾ ਫੈਲਾਉਣ, ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਰਿਪੋਰਟ ਕਰਨ ਅਤੇ ਸਮਾਜ ਵਿਚੋਂ ਮਨੁੱਖੀ ਤਸਕਰੀ ਦੇ ਕੋਹੜ ਨੂੰ ਖ਼ਤਮ ਕਰਨ ਲਈ ਰਲ ਕੇ ਹੰਭਲਾ ਮਾਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਸ ਸਫਲ ਗਤੀਵਿਧੀ ਦੇ ਲਈ ਨੇਹਾ ਤੇ ਗੁਰਪਿੰਦਰ ਕੌਰ ਦੀ ਭਰਪੂਰ ਸਰਾਹਨਾ ਕੀਤੀ।