ਕੁਲਦੀਪ ਸਿੰਘ ਕਾਹਲੋਂ, ਕੁਲਵਿੰਦਰ ਸਿੰਘ ਅਠਵਾਲ ਅਤੇ ਹਰਦੇਵ ਸਿੰਘ ਘਨੱਈਆ
ਫ਼ਤਹਿਗੜ੍ਹ ਚੂੜੀਆਂ, 19 ਅਗਸਤ (ਐਮ. ਐਸ.
ਫ਼ਤਹਿਗੜ੍ਹ ਚੂੜੀਆਂ, 19 ਅਗਸਤ (ਐਮ.ਐਸ. ਫੁੱਲ)-21 ਅਗਸਤ ਨੂੰ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵਲੋਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਕੁਲਦੀਪ ਸਿੰਘ ਕਾਹਲੋਂ, ਜਨਰਲ ਸਕੱਤਰ ਕੁਲਵਿੰਦਰ ਸਿੰਘ ਅਠਵਾਲ ਤੇ ਖ਼ਜਾਨਚੀ ਹਰਦੇਵ ਸਿੰਘ ਘਨੱਈਆ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ 21 ਅਗਸਤ ਨੂੰ ਪੰਜਾਬ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਪੂਰਨ ਤੌਰ ’ਤੇ ਬੰਦ ਰੱਖਿਆ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਬੰਦ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਸਮੇਤ ਪੂਰੇ ਪੰਜਾਬ ਵਿਚ ਵਪਾਰਕ ਅਦਾਰੇ, ਸਕੂਲ-ਕਾਲਜ, ਬਾਜ਼ਾਰ ਅਤੇ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਰੱਖੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਬੰਦ ਦੌਰਾਨ ਐਂਬੂਲੈਂਸਾਂ, ਡਾਕਟਰੀ ਸੇਵਾਵਾਂ, ਫਾਇਰ ਬ੍ਰਿਗੇਡ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਜਾਵੇਗੀ ਤਾਂ ਜੋ ਆਮ ਜਨਤਾ ਨੂੰ ਕਿਸੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।