ਪਿਸਤੌਲਨੁਮਾ ਵਸਤੂ ਦਿਖਾ ਪੁਲਿਸ ਗੱਡੀ ਨੂੰ ਮਾਰੀ ਟੱਕਰ
ਐੱਸ. ਐੱਚ.ਓ ਸਮੇਤ ਮੁਲਾਜ਼ਮ ਜ਼ਖ਼ਮੀ
ਬਟਾਲਾ, 6 ਸਤੰਬਰ (ਰਾਕੇਸ਼ ਰੇਖੀ)-ਗਸ਼ਤ ਦੌਰਾਨ ਸ਼ੱਕੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਪਿਸਤੌਲਨੁਮਾ ਵਸਤੂ ਦਿਖਾ ਕੇ ਪੁਲਿਸ ਗੱਡੀ ਨੂੰ ਟੱਕਰ ਮਾਰਨ ਤੇ ਮੌਕੇ ਤੋਂ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ’ਚ ਪੁਲਿਸ ਗੱਡੀ ਟਾਇਰ ਫਟਣ ਕਾਰਨ ਖੇਤਾਂ ਵਿਚ ਪਲਟ ਗਈ, ਜਿਸ ਨਾਲ ਥਾਣਾ ਘਣੀਏ ਕੇ ਬਾਂਗਰ ਦੇ ਐੱਸ ਐੱਚਓ ਸਮੇਤ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਬਟਾਲਾ, 6 ਸਤੰਬਰ (ਰਾਕੇਸ਼ ਰੇਖੀ)-ਗਸ਼ਤ ਦੌਰਾਨ ਸ਼ੱਕੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਪਿਸਤੌਲਨੁਮਾ ਵਸਤੂ ਦਿਖਾ ਕੇ ਪੁਲਿਸ ਗੱਡੀ ਨੂੰ ਟੱਕਰ ਮਾਰਨ ਤੇ ਮੌਕੇ ਤੋਂ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ’ਚ ਪੁਲਿਸ ਗੱਡੀ ਟਾਇਰ ਫਟਣ ਕਾਰਨ ਖੇਤਾਂ ਵਿਚ ਪਲਟ ਗਈ, ਜਿਸ ਨਾਲ ਥਾਣਾ ਘਣੀਏ ਕੇ ਬਾਂਗਰ ਦੇ ਐੱਸ ਐੱਚਓ ਸਮੇਤ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਸਬੰਧੀ ਥਾਣਾ ਘਣੀਏ ਕੇ ਬਾਂਗਰ ਦੇ ਐੱਸ ਐੱਚ ਓ ਸਬ-ਇੰਸਪੈਕਟਰ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ 4 ਸਤੰਬਰ ਦੀ ਰਾਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਦੇ ਮੱਦੇਨਜ਼ਰ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਦੇ ਪਿੰਡਾਂ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਗਸ਼ਤ ’ਤੇ ਸਨ। ਰਾਤ ਲਗਭਗ 10:40 ਵਜੇ ਜਦੋਂ ਪੁਲਿਸ ਟੀਮ ਅਲੀਵਾਲ ਤੋਂ ਬਿਸ਼ਨੀਵਾਲ, ਜਾਂਗਲਾ ਤੇ ਜਾਂਗਲਾ ਪੁਲ ਤੋਂ ਭਰਥਵਾਲ ਵੱਲ ਜਾ ਰਹੀ ਸੀ ਤਾਂ ਪੁਲ ਤੋਂ ਅੱਧਾ ਕਿਲੋਮੀਟਰ ਅੱਗੇ ਸਾਹਮਣੇ ਤੋਂ ਤੇਜ਼ ਰਫ਼ਤਾਰ ਮੋਟਰਸਾਈਕਲ ’ਤੇ ਆਉਂਦੇ 2 ਨੌਜਵਾਨ ਦਿਖਾਈ ਦਿੱਤੇ। ਪੁਲਿਸ ਗੱਡੀ ਦੇ ਨੇੜੇ ਪਹੁੰਚਦਿਆਂ ਹੀ ਮੋਟਰਸਾਈਕਲ ਚਾਲਕ ਨੇ ਆਪਣੇ ਹੱਥ ਵਿਚ ਫੜੀ ਪਿਸਤੌਲਨੁਮਾ ਵਸਤੂ ਪੁਲਿਸ ਵੱਲ ਲਹਿਰਾਈ। ਇਸ ਦੌਰਾਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪੁਲਿਸ ਗੱਡੀ ਦੇ ਅਗਲੇ ਖੱਬੇ ਟਾਇਰ ਨਾਲ ਜਾ ਟਕਰਾਇਆ। ਟੱਕਰ ਤੋਂ ਬਾਅਦ ਵੀ ਮੋਟਰਸਾਈਕਲ ਸਵਾਰ ਸੰਭਲਦੇ ਹੋਏ ਪਿੰਡ ਭਰਥਵਾਲ ਵੱਲ ਫ਼ਰਾਰ ਹੋ ਗਏ। ਦੂਜੇ ਪਾਸੇ ਟੱਕਰ ਕਾਰਨ ਪੁਲਿਸ ਗੱਡੀ ਦਾ ਟਾਇਰ ਫਟ ਗਿਆ, ਜਿਸ ਕਰਕੇ ਗੱਡੀ ਬੇਕਾਬੂ ਹੋ ਕੇ ਖੇਤਾਂ ਵਿਚ ਜਾ ਪਲਟੀ। ਇਸ ਹਾਦਸੇ ਵਿਚ ਐੱਸ ਐੱਚ ਓ ਗੁਰਦਰਸ਼ਨ ਸਿੰਘ ਅਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਦੇ ਅੰਦਰੂਨੀ ਸੱਟਾਂ ਲੱਗੀਆਂ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਮੁਲਾਜ਼ਮਾਂ ਨੇ ਹਿੰਮਤ ਦਿਖਾਉਂਦਿਆਂ ਆਪ ਗੱਡੀ ਨੂੰ ਸਿੱਧਾ ਕੀਤਾ। ਪੁਲਿਸ ਨੇ ਪਿਸਤੌਲ ਦਿਖਾ ਕੇ ਸਰਕਾਰੀ ਗੱਡੀ ਵਿਚ ਜਾਣਬੁੱਝ ਕੇ ਟੱਕਰ ਮਾਰਨ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਅਣਪਛਾਤੇ ਫ਼ਰਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਫ਼ਰਾਰ ਬਦਮਾਸ਼ਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।