ਆਰ.ਆਰ. ਬਾਵਾ ਕਾਲਜ ਬਟਾਲਾ ਵਿਖੇ ਪੋਸ਼ਣ ਹਫ਼ਤਾ ਮਨਾਇਆ
ਬਟਾਲਾ, 21 ਸਤੰਬਰ (ਸਤਿੰਦਰ ਸਿੰਘ)-ਆਰ. ਆਰ.
ਬਟਾਲਾ, 21 ਸਤੰਬਰ (ਸਤਿੰਦਰ ਸਿੰਘ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਹਰਪ੍ਰੀਤ ਅਨੇਜਾ (ਮੁਖੀ, ਹੋਮ ਸਾਇੰਸ ਵਿਭਾਗ) ਤੇ ਸ਼੍ਰੀਮਤੀ ਸੁਨੈਨਾ ਗੁਪਤਾ (ਇੰਚਾਰਜ, ਹੋਮ ਸਾਇੰਸ ਵਿਭਾਗ), ਐਨ.ਐੱਸ.ਐੱਸ. ਯੂਨਿਟ ਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਪੋਸ਼ਣ ਹਫ਼ਤਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਹਫ਼ਤੇ ਦੌਰਾਨ ਸਿਹਤਮੰਦ ਪੋਸ਼ਣ, ਸਫ਼ਾਈ, ਜੀਵਨਸ਼ੈਲੀ ਨਾਲ ਸੰਬੰਧਤ ਬਿਮਾਰੀਆਂ ਤੇ ਸੰਤੁਲਿਤ ਆਹਾਰ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਜਾਣਕਾਰੀ ਭਰਪੂਰ ਤੇ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਪਹਿਲੇ ਦਿਨ ਵਿਦਿਆਰਥਣਾਂ ਨੇ ਨਿੱਕੇ ਘੁੰਮਣ ਗੁਰਦੁਆਰਾ ਸਾਹਿਬ ਵਿਖੇ ਕਮਿਊਨਿਟੀ ਕਿਚਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸਮੁਦਾਇਕ ਰਸੋਈ ’ਚ ਸਫ਼ਾਈ, ਸਵੱਛਤਾ ਤੇ ਭੋਜਨ ਸੰਬੰਧੀ ਸਹੀ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਦੂਜੇ ਦਿਨ ਕਾਲਜ ’ਖੇ ਪੋਸ਼ਣ ਰੰਗੋਲੀ ਮੁਕਾਬਲਾ ਕਰਵਾਇਆ ਗਿਆ, ਤੀਜੇ ਦਿਨ ਕਾਲਜ ਕੈਂਪਸ ’ਚ ਪੋਸ਼ਣ ਜਾਗੋ ਕੱਢੀ ਗਈ, ਚੌਥੇ ਦਿਨ ਪੋਸ਼ਣ ਵਿਸ਼ੇ ’ਤੇ ਮਾਡਲ ਤੇ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ, ਪੰਜਵੇਂ ਦਿਨ ਹੋਮ ਸਾਇੰਸ ਤੇ ਬੀ.ਐੱਸ.ਸੀ. ਕਲੀਨੀਕਲ ਨਿਊਟਰੀਸ਼ਨ ਐਂਡ ਡਾਇਟੈਟਿਕਸ ਦੀਆਂ ਵਿਦਿਆਰਥਣਾਂ ਨੇ ਵੰਡਰ ਹੋਟਲ ਦਾ ਦੌਰਾ ਕੀਤਾ। ਪੋਸ਼ਣ ਹਫ਼ਤੇ ਦੀ ਸਮਾਪਤੀ ਜਾਗਰੂਕਤਾ ਸੈਮੀਨਾਰ ਨਾਲ ਹੋਈ। ਇਸ ਮੌਕੇ ਡਾ. ਅਰਸ਼ਦੀਪ ਕੌਰ ਗਾਇਨੀਕੋਲੋਜਿਸਟ ਚੈਰੀਟੇਬਲ ਹਸਪਤਾਲ ਬਟਾਲਾ ਨੇ ਵਿਦਿਆਰਥਣਾਂ ਨੂੰ ਸਿਹਤਮੰਦ ਜੀਵਨਸ਼ੈਲੀ ਬਾਰੇ ਜਾਣਕਾਰੀ ਦਿੰਦਿਆਂ ਪੀ.ਸੀ.ਓ.ਐੱਸ. ਦੇ ਲੱਛਣਾਂ, ਜੋਖ਼ਮ ਕਾਰਕਾਂ, ਇਲਾਜ, ਸਿਹਤਮੰਦ ਜੀਵਨਸ਼ੈਲੀ ਤੇ ਸਮੇਂ ਸਿਰ ਪ੍ਰਬੰਧਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਵਿਦਿਆਰਥਣਾਂ ਨੇ ਸੈਮੀਨਾਰ ਵਿਚ ਉਤਸ਼ਾਹ ਨਾਲ ਭਾਗ ਲਿਆ ਤੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਵਿਭਾਗਾਂ ਅਤੇ ਐਨ.ਐੱਸ.ਐੱਸ. ਯੂਨਿਟ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਵਿਦਿਆਰਥਣਾਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ।