ਐੱਸ.ਡੀ.ਐੱਮ. ਰੰਧਾਵਾ ਵਲੋਂ ਕਿਸਾਨ ਯੂਨੀਅਨ, ਆੜ੍ਹਤੀਆਂ ਤੇ ਕਿਸਾਨਾਂ ਦੀਆਂ ਪੈਡੀ ਸੰਬੰਧੀ ਮੁਸ਼ਕਿਲ ਦਾ ਕਰਵਾਇਆ ਹੱਲ
ਕਲਾਨੌਰ, 6 ਅਕਤੂਬਰ (ਪੁਰੇਵਾਲ)-ਚੱਲ ਰਹੇ ਪੈਡੀ ਸੀਜਨ ਦੌਰਾਨ ਕਿਰਸਾਨੀ ਨਾਲ ਸਬੰਧਤ ਮੁਸ਼ਕਲਾਂ ਦੇ ਹੱਲ ਲਈ ਕਲਾਨੌਰ ਵਿਖੇ ਚੱਲ ਰਹੇ ਸੰਘਰਸ਼ ਨੂੰ ਐੱਸ. ਡੀ.
ਕਲਾਨੌਰ, 6 ਅਕਤੂਬਰ (ਪੁਰੇਵਾਲ)-ਚੱਲ ਰਹੇ ਪੈਡੀ ਸੀਜਨ ਦੌਰਾਨ ਕਿਰਸਾਨੀ ਨਾਲ ਸਬੰਧਤ ਮੁਸ਼ਕਲਾਂ ਦੇ ਹੱਲ ਲਈ ਕਲਾਨੌਰ ਵਿਖੇ ਚੱਲ ਰਹੇ ਸੰਘਰਸ਼ ਨੂੰ ਐੱਸ.ਡੀ.ਐੱਮ. ਕਲਾਨੌਰ ਦੇ ਵਿਸ਼ਵਾਸ਼ ਤੋਂ ਬਾਅਦ ਖਤਮ ਕੀਤਾ ਗਿਆ। ਇਸ ਸਬੰਧ ’ਚ ਕਿਸਾਨ ਯੂਨੀਅਨਾਂ, ਆੜ੍ਹਤੀਆਂ, ਕਿਸਾਨਾਂ ਆਦਿ ਵਲੋਂ ਐੱਸ.ਡੀ.ਐੱਮ. ਕਲਾਨੌਰ ਸ੍ਰੀ ਲਛਮਣ ਸਿੰਘ ਰੰਧਾਵਾ, ਸਕੱਤਰ ਪਵਨ ਕੁਮਾਰ ਬਬੋਰੀਆ, ਏ.ਐਫ.ਐੱਸ.ਓ., ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਮੰਡੀਆਂ ’ਚ ਕਿਰਸਾਨੀ ਦੀਆਂ ਯੋਗ ਮੁਸ਼ਕਿਲਾਂ ਦਾ ਹੱਲ ਕੱਢਿਆ ਗਿਆ। ਇਸ ਦੌਰਾਨ ਮੰਡੀਆਂ ’ਚ ਜਿਨਸ ਦੀ ਖਰੀਦ ਹੋਣ ਉਪਰੰਤ ਲਿਫਟਿੰਗ ਦੀ ਸਮੱਸਿਆ ਬਾਰੇ ਐੱਸ.ਡੀ.ਐੱਮ. ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਭਰ ’ਚ ਸੈਲਰਾਂ ਦੀ ਅਲਾਟਮੈਂਟ ਹੋ ਚੁੱਕੀ ਹੈ ਅਤੇ ਕਲਾਨੌਰ ਦੀ ਦਾਣਾ ਮੰਡੀ ’ਚ ਟਰਾਂਸਪੋਰਟ ਦਾ ਪ੍ਰਬੰਧ ਵੀ ਹੋ ਚੁੱਕਾ ਹੈ। ਪ੍ਰਸ਼ਾਸ਼ਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਨਿਰਧਾਰਿਤ ਨਮੀ ਵਾਲੀ ਜਿਨਸ ਮੰਡੀਆਂ ’ਚ ਲੈ ਕੇ ਆਉਣ। ਦੱਸਣਯੋਗ ਹੈ ਕਿ ਦੁਪਹਿਰ ਸਮੇਂ ਤੋਂ ਕਲਾਨੌਰ ਵਿਖੇ ਪੈਡੀ ਨਾਲ ਸਬੰਧਤ ਮੁਸ਼ਕਿਲ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਸੀ, ਜਿਸ ’ਚ ਪੈਡੀ ਦੀ ਖਰੀਦ, ਲਿਫਟਿੰਗ ਆਦਿ ਦੀ ਸਮੱਸਿਆ ਨੂੰ ਪ੍ਰਮੁੱਖ ਦੱਸਿਆ ਜਾ ਰਿਹਾ ਸੀ। ਬੁਲਾਰੇ ਸੁਖਦੇਵ ਸਿੰਘ ਭੋਜਰਾਜ, ਹਰਜੀਤ ਸਿੰਘ ਕਾਹਲੋਂ, ਅਸ਼ਵਨੀ ਕੁਮਾਰ ਲੱਖਣਕਲਾਂ, ਪਲਵਿੰਦਰ ਸਿੰਘ ਕਿਲਾ ਨੱਥੂ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਜੇਕਰ ਝੋਨੇ ਦੀ ਬਿਜਾਈ ਪਹਿਲਾਂ ਕਰਵਾਈ ਗਈ ਹੈ ਤਾਂ ਖਰੀਦ ਦੇ ਪ੍ਰਬੰਧਾਂ ’ਚ ਦੇਰੀ ਕਿਉਂ ਕੀਤੀ ਗਈ, ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ’ਚ ਪ੍ਰੇਸ਼ਾਨ ਹੋਣਾਂ ਪਿਆ ਹੈ। ਬੁਲਾਰਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਮੰਡੀਆਂ ’ਚ ਪ੍ਰੇਸ਼ਾਨ ਨਹੀਂ ਹੋਣ ਦੇਣਗੇ ਅਤੇ ਜੇਕਰ ਅਜਿਹੀ ਕੋਈ ਸਮੱਸਿਆ ਹੋਈ ਤਾਂ ਉਹ ਤਿੱਖਾ ਸੰਘਰਸ਼ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਸਮੇਤ ਪੰਜਾਬ ਭਰ ਦੀਆਂ ਮੰਡੀਆਂ ’ਚ ‘ਕੱਟ’ ਸ਼ਬਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਇਹ ਸੁਨਿਸਚਿਤ ਕਰੇ ਕਿ ਕਿਸਾਨਾਂ ਦੀ ਮੰਡੀਆਂ ’ਚ ਲੁੱਟ ਨਾਂ ਹੋਵੇ ਅਤੇ ਜੋ ਜਿਨਸ ਦਾ ਨਿਰਧਾਰਿਤ ਰੇਟ ਹੈ ਉਹ ਕਿਸਾਨਾਂ ਦੇ ਖਾਤਿਆਂ ’ਚ ਪਵੇ।