ਮੰਡੀ ਲਾਧੂਕਾ, 23 ਜਨਵਰੀ (ਮਨਪ੍ਰੀਤ ਸਿੰਘ ਸੈਣੀ)-ਹਲਕਾ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਪੀ. ਏ. ਲਾਡੀ ਵਾਰਵਲ ਤੇ ਲੱਖੋਵਾਲੀ ਜ਼ੋਨ ਤੋਂ ਬਲਾਕ ਸੰਮਤੀ ਮੈਂਬਰ ਡਿੰਪਲ ਕੰਬੋਜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਸ਼ੁਰੂ ਕੀਤੀ ਜਾ ਰਹੀ 10 ਲੱਖ ਰੁਪਏ ਤੱਕ ਦੀ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਸੂਬੇ ਅੰਦਰ ਜਨਤਕ ਸਿਹਤ ਢਾਂਚੇ ਨੂੰ ਵੱਡਾ ਹੁਲਾਰਾ ਮਿਲੇਗਾ | ਉਨ੍ਹਾਂ ਕਿਹਾ ਕਿ ਇਹ ਯੋਜਨਾ ਗ਼ਰੀਬ ਲੋਕਾਂ ਲਈ ਇੰਨੀ ਲਾਹੇਵੰਦ ਹੋਵੇਗੀ ਕਿ ਕੋਈ ਵੀ ਗ਼ਰੀਬ ਪਰਿਵਾਰ ਮਹਿੰਗਾ ਇਲਾਜ ਕਰਾਉਣ ਤੋਂ ਵਾਂਝਾ ਨਹੀਂ ਰਹੇਗਾ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਕੋਈ ਵੀ ਪੰਜਾਬ ਵਾਸੀ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਦੇ ਕੇ ਹੀ ਨਾਮਾਂਕਣ ਕਰਵਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਜਾ ਰਹੀ ਇਸ ਯੋਜਨਾ ਤਹਿਤ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਸੂਬੇ ਦੇ 600 ਨਿੱਜੀ ਹਸਪਤਾਲਾਂ 'ਚ ਵੀ ਗ਼ਰੀਬ ਪਰਿਵਾਰ ਇਲਾਜ ਕਰਵਾ ਸਕਣਗੇ | ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਇਲਾਕਾ ਨਿਵਾਸੀ ਆਪਣਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਾਉਣ ਤੋਂ ਵਾਂਝਾ ਨਾ ਰਹੇ |