ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਮਹਾਵੀਰ ਕਾਲੋਨੀ ਦੀ ਇਕ ਕੋਠੀ 'ਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਕੋਠੀ ਮਾਲਕ ਦਾ ਭਾਰੀ ਨੁਕਸਾਨ ਹੋ ਗਿਆ | ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ 'ਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਅੱਗ ਦੀਆਂ ਲਪਟਾਂ ਦੇ ਨਾਲ ਕੋਠੀ ਦੇ ਕਮਰੇ ਘਿਰ ਗਏ | ਸਮਾਂ ਰਹਿੰਦੇ ਫਾਇਰ ਬਿ੍ਗੇਡ ਦੀ ਟੀਮ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਅੱਗ ਕੋਠੀ ਦੇ ਵਿਚ ਬਣੇ ਮੰਦਰ ਤੋਂ ਸ਼ੁਰੂ ਹੋਈ | ਮਿਲੀ ਜਾਣਕਾਰੀ ਮੁਤਾਬਿਕ ਫ਼ਾਜ਼ਿਲਕਾ ਦੇ ਬੀਕਾਨੇਰੀ ਰੋਡ ਕੋਲ ਸਥਿਤ ਮਹਾਵੀਰ ਕਾਲੋਨੀ ਦੇ ਦੋ ਨੰਬਰ ਗੇਟ ਨੇੜੇ ਸੰਦੀਪ ਕੁਮਾਰ ਨਾਂਅ ਦੇ ਵਿਅਕਤੀ ਦੀ ਕੋਠੀ ਹੈ, ਜਿਥੇ ਕੋਠੀ ਦੇ ਪਿਛਲੇ ਹਿੱਸੇ ਵਿਚ ਬਣੇ ਮੰਦਰ ਤੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ, ਜਿਸ ਨੂੰ ਲੈ ਕੇ ਘਰ ਵਿਚ ਮੌਜੂਦ ਪਰਿਵਾਰਿਕ ਮੈਂਬਰ ਨੇ ਰੋਲਾ ਪਾਇਆ | ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਨੇ ਆ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਦੀ ਸੂਚਨਾ ਫਾਇਰ ਬਿ੍ਗੇਡ ਵਿਭਾਗ ਨੂੰ ਦਿੱਤੀ | ਸੂਚਨਾ ਮਿਲਣ 'ਤੇ ਕੁਝ ਹੀ ਮਿੰਟਾਂ 'ਚ ਫਾਇਰ ਬਿ੍ਗੇਡ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਉਸ ਨੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ | ਕਰੀਬ ਅੱਧੇ ਪੌਣੇ ਘੰਟੇ ਦੀ ਮਿਹਨਤ ਤੋਂ ਬਾਅਦ ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾਇਆ | ਕਮਰਿਆਂ 'ਚ ਅੱਗ ਨਾਲ ਸੜੇ ਸਾਮਾਨ ਨੂੰ ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨੇ ਬਾਹਰ ਕੱਢਿਆ | ਹਾਲਾਂਕਿ ਅੱਗੇ ਲੱਗਣ ਦੇ ਸਹੀ ਕਾਰਨ ਸਾਹਮਣੇ ਨਹੀਂ ਆਏ ਹਨ | ਕੋਠੀ ਦੇ ਮਾਲਕ ਸੰਦੀਪ ਕੁਮਾਰ ਨੇ ਦੱਸਿਆ ਕਿ ਅੱਗ ਅਚਾਨਕ ਲੱਗ ਗਈ, ਜਿਸ ਦਾ ਪਤਾ ਨਹੀਂ ਲੱਗਿਆ | ਕੋਠੀ ਦੇ ਪਿਛਲੇ ਪਾਸੇ ਬਣੇ ਮੰਦਰ ਤੋਂ ਅੱਗ ਦੀਆਂ ਲਪਟਾਂ ਨਿਕਲੀਆਂ ਅਤੇ ਉਨ੍ਹਾਂ ਨੂੰ ਇਸ ਬਾਰੇ 'ਚ ਪਤਾ ਲੱਗਿਆ | ਘਰ ਵਿਚ ਉਨ੍ਹਾਂ ਦੀ ਨੂੰ ਹ ਸੀ, ਜਿਸ ਨੇ ਇਕ ਸ਼ਾਦੀ ਸਮਾਗਮ 'ਚ ਜਾਣਾ ਸੀ | ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ 'ਚ ਪਿਛਲੇ ਹਿੱਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ | ਜਿਸ ਨਾਲ ਦੋ ਏ. ਸੀ. ਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ | ਉਨ੍ਹਾਂ ਕਿਹਾ ਕਿ ਅੱਗ ਨਾਲ ਮੰਦਰ ਤੇ ਕੱਪੜੇ ਵੀ ਸੜ ਗਏ | ਅੱਗ ਦੀ ਲਪੇਟ 'ਚ ਉਨ੍ਹਾਂ ਦੀ ਤਜੌਰੀ ਵੀ ਆ ਗਈ | ਫ਼ਿਲਹਾਲ ਨੁਕਸਾਨ ਕਿੰਨਾ ਹੋਇਆ ਹੈ ਇਸ ਦਾ ਹਾਲੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ | ਉਨ੍ਹਾਂ ਕਿਹਾ ਕਿ ਅੱਗ ਕਿਵੇਂ ਤੇ ਕਿਉਂ ਲੱਗੀ ਇਸ ਦੇ ਕਾਰਨ ਸਾਫ਼ ਨਹੀਂ ਹੋਏ ਹਨ | ਫਾਇਰ ਬਿ੍ਗੇਡ ਦੇ ਮੁਲਾਜ਼ਮ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਹਾਵੀਰ ਕਾਲੋਨੀ 'ਚ ਇਕ ਘਰ ਨੂੰ ਅੱਗ ਲੱਗ ਗਈ ਹੈ | ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਉਹ ਮੌਕੇ 'ਤੇ ਪਹੁੰਚੇ | ਤਕਰੀਬਨ ਅੱਧਾ ਘੰਟਾ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਹੈ |