18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਅਬੋਹਰ ਰੇਲਵੇ ਵਲੋਂ ਹੋਏ ਚਲਾਨ ਦਾ ਮਸਲਾ ਬਣਿਆ ਚਰਚਾ ਦਾ ਵਿਸ਼ਾ

Ad Position 21
No active advertisement
ਅਜੀਤ ਡੈਸਕ 24-01-2026
ਅਬੋਹਰ, 23 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਸ਼ਹਿਰ ਦੀ ਟ੍ਰੈਫ਼ਿਕ ਵਿਵਸਥਾ ਸੁਧਾਰਨ ਲਈ ਅਬੋਹਰ ਪੁਲਿਸ ਲਗਾਤਾਰ ਯਤਨਸ਼ੀਲ ਹੈ ਜਦ ਕਿ ਦੂਜੇ ਪਾਸੇ ਆਰ. ਪੀ. ਐਫ. ਨੇ ਵੀ ਅਬੋਹਰ ਰੇਲਵੇ ਸਟੇਸ਼ਨ ਨੇੜੇ ਟ੍ਰੈਫ਼ਿਕ ਵਿਵਸਥਾ ਸੁਧਾਰਨ ਲਈ ਵਿਸ਼ੇਸ਼ ਯਤਨ ਆਰੰਭੇ ਹੋਏ ਹਨ ਪਰ ਕੁੱਝ ਆਮ ਲੋਕ ਖੱਜਲ ਖ਼ੁਆਰ ਹੁੰਦੇ ਵੀ ਨਜ਼ਰ ਆ ਰਹੇ ਹਨ, ਉਥੇ ਹੀ ਕੁੱਝ ਲੋਕ ਆਰ. ਪੀ. ਐਫ. ਮੁਲਾਜ਼ਮਾਂ 'ਤੇ ਚਲਾਨ ਦਾ ਡਰ ਦਿਖਾ ਕੇ ਨਾਜਾਇਜ਼ ਵਸੂਲੀ ਕੀਤੇ ਜਾਣ ਦਾ ਦੋਸ਼ ਵੀ ਲਗਾ ਰਹੇ ਹਨ | ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਅਬੋਹਰ ਰੇਲਵੇ ਸਟੇਸ਼ਨ 'ਤੇ ਸਥਾਨਕ ਚੰਡੀਗੜ੍ਹ ਮੁਹੱਲਾ ਵਾਸੀ ਇਕ ਲੜਕੀ ਆਪਣੇ ਭਰਾ ਨੂੰ ਸਟੇਸ਼ਨ ਛੱਡਣ ਆਈ ਤਾਂ ਉਸ ਨੇ ਜਲਦੀ ਵਿਚ ਹੀ ਆਪਣੀ ਸਕੂਟਰੀ ਸਟੇਸ਼ਨ ਦੇ ਨੇੜੇ ਖੜ੍ਹੀ ਕਰ ਦਿੱਤੀ ਜਦ ਉਹ ਆਪਣੇ ਭਰਾ ਨੂੰ ਰੇਲ ਗੱਡੀ ਚੜ੍ਹਾ ਕੇ ਵਾਪਸ ਆਈ ਤਾਂ ਆਰ. ਪੀ. ਐਫ. ਮੁਲਾਜ਼ਮ ਨੇ ਨੋ-ਪਾਰਕਿੰਗ ਵਿਚ ਵਹੀਕਲ ਖੜ੍ਹਾ ਕਰਨ ਦੇ ਦੋਸ਼ ਤਹਿਤ ਉਨ੍ਹਾਂ ਤੋਂ 500 ਰੁਪਏ ਲੈ ਲਏ | ਇਸ ਸੰਬੰਧੀ ਪੀੜਤ ਲੜਕੀ ਨਾਲ ਮੌਕੇ 'ਤੇ ਪੁੱਜੇ ਵਿਕਾਸ ਸਿੰਗਲਾ ਨੇ ਦੱਸਿਆ ਕੀ ਆਰ. ਪੀ. ਐਫ. ਮੁਲਾਜ਼ਮ ਨੇ 500 ਰੁਪਏ ਲੜਕੀ ਤੋਂ ਨਾਜਾਇਜ਼ ਵਸੂਲੇ ਹਨ ਜਦ ਕਿ ਲੜਕੀ ਦਾ 2000 ਦਾ ਚਲਾਨ ਭਰਿਆ ਕਿਹਾ ਗਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਆਰ. ਪੀ. ਐਫ. ਦੇ ਮੁਲਾਜ਼ਮ ਹਰ ਰੋਜ਼ ਯਾਤਰੀਆਂ ਨੂੰ ਛੱਡਣ ਆਏ ਲੋਕਾਂ ਤੋਂ ਹਜ਼ਾਰਾਂ ਰੁਪਏ ਦੀ ਨਾਜਾਇਜ਼ ਵਸੂਲੀ ਚਲਾਨ ਦਾ ਡਰ ਦਿਖਾ ਕੇ ਕਰ ਰਹੇ ਹਨ | ਜਿਸ ਸੰਬੰਧੀ ਉਹ ਅੰਬਾਲਾ ਡਿਵੀਜ਼ਨ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਕੇ ਭਿ੍ਸ਼ਟ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕਰਨਗੇ | ਇਸ ਸੰਬੰਧੀ ਥਾਣਾ ਆਰ. ਪੀ. ਐਫ. ਮੁਖੀ ਪਰਮਜੀਤ ਕੌਰ ਨੇ ਕਿਹਾ ਕਿ ਇਕ ਵਿਅਕਤੀ ਵਲੋਂ ਸਿਆਸੀ ਡਰ ਦਿਖਾ ਕੇ ਜਾਣ-ਬੁਝ ਕੇ ਉਕਤ ਮੁੱਦੇ ਨੂੰ ਗ਼ਲਤ ਰੰਗਤ ਦਿੱਤੀ ਗਈ ਹੈ ਜਦ ਕਿ ਕੁਝ ਲੋਕਾਂ ਨੇ ਵੀਡੀਓ ਵੀ ਪੂਰੇ ਤੱਥਾਂ ਆਧਾਰਤ ਨਹੀਂ ਚਲਾਈ | ਥਾਣਾ ਮੁਖੀ ਨੇ ਦੱਸਿਆ ਕਿ ਟ੍ਰੈਫ਼ਿਕ ਵਿਵਸਥਾ ਸੁਧਾਰਨ ਲਈ ਲਗਾਤਾਰ ਆਰ. ਪੀ. ਐਫ. ਵਲੋਂ ਨੋ-ਪਾਰਕਿੰਗ ਵਿਚ ਵਹੀਕਲ ਖੜ੍ਹੇ ਕਰਨ ਵਾਲੇ ਲੋਕਾਂ ਦੇ ਚਲਾਨ ਕੱਟੇ ਜਾਂਦੇ ਹਨ | ਜਿਸ ਤਹਿਤ ਉਕਤ ਲੜਕੀ ਤੋਂ ਆਰ. ਸੀ. ਲਈ ਗਈ ਸੀ ਪਰ ਉਸ ਨੂੰ ਤਰਸ ਦੇ ਆਧਾਰ 'ਤੇ ਆਰ. ਸੀ. ਵਾਪਸ ਕਰਕੇ 500 ਰੁਪਏ ਸਿਕਿਉਰਿਟੀ ਦੇ ਤੌਰ 'ਤੇ ਜਮ੍ਹਾਂ ਕੀਤੇ ਗਏ ਸਨ, ਜਿਸ ਦੀ ਰਸੀਦ ਵੀ ਮੌਜੂਦ ਹੈ | ਉਨ੍ਹਾਂ ਕਿਹਾ ਕਿ ਆਰ. ਪੀ. ਐਫ. ਥਾਣੇ ਦੇ ਨਿਯਮ ਟਰੈਫ਼ਿਕ ਪੁਲਿਸ ਨਾਲੋਂ ਅਲੱਗ ਹੁੰਦੇ ਹਨ ਜਦ ਕਿ ਉਕਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਥਾਣੇ ਬੁਲਾ ਕੇ ਸਾਰੀ ਗੱਲ ਸਮਝਾ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਗ਼ਲਤ ਤੱਥਾਂ 'ਤੇ ਆਧਾਰਿਤ ਵੀਡੀਓ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਖ਼ਿਲਾਫ਼ ਜੀ. ਆਰ. ਪੀ. ਵਲੋਂ ਉਕਤ ਲੋਕਾਂ ਖ਼ਿਲਾਫ਼ ਨੋਟਿਸ ਭੇਜ ਕੇ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕੋਠੀ 'ਚ ਲੱਗੀ ਭਿਆਨਕ ਅੱਗ ਨਾਲ ਸੜ ਕੇ ਸੁਆਹ ਹੋਇਆ ਸਾਮਾਨ ਅਗਲੀ ਖ਼ਬਰ ਪੁਲਿਸ ਵਲੋਂ ਗੈਗਸਟਰਾਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਐੱਸ. ਐੱਸ. ਪੀ. ਨੇ ਰਿਹਾਇਸ਼ੀ ਘਰਾਂ ਦੀ ਕੀਤੀ ਜਾਂਚ
Ad Position 24