ਫ਼ਾਜ਼ਿਲਕਾ, 23 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ 'ਚ ਪੰਜਾਬ ਪੁਲਿਸ ਵਲੋਂ ਚਲਾਏ ਜਾ ਰਹੇ 'ਆਪ੍ਰੇਸ਼ਨ ਪ੍ਰਹਾਰ' ਤਹਿਤ ਹੁਣ ਰਿਹਾਇਸ਼ੀ ਇਲਾਕਿਆਂ 'ਚ ਵੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ | ਇਸੇ ਕੜੀ ਤਹਿਤ ਫ਼ਾਜ਼ਿਲਕਾ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਪੁਲਿਸ ਟੀਮ ਦੇ ਨਾਲ ਐਮ. ਆਰ. ਐਨਕਲੇਵ ਪਹੁੰਚ ਕੇ ਕਿਰਾਏਦਾਰਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ | ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਆਪ੍ਰੇਸ਼ਨ ਪ੍ਰਹਾਰ ਦੇ ਅਧੀਨ ਗੈਂਗਸਟਰਾਂ ਅਤੇ ਉਨ੍ਹਾਂ ਦੇ ਮਾਡਿਊਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਇਸ ਮੁਹਿੰਮ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਛਾਪੇਮਾਰੀ ਤੇ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ | ਫ਼ਾਜ਼ਿਲਕਾ 'ਚ ਵਿਸ਼ੇਸ਼ ਤੌਰ 'ਤੇ ਸ਼ਹਿਰ, ਅਬੋਹਰ ਅਤੇ ਜਲਾਲਾਬਾਦ ਖੇਤਰਾਂ ਵਿਚ ਇਹ ਮੁਹਿੰਮ ਸਰਗਰਮ ਹੈ | ਉਨ੍ਹਾਂ ਨੇ ਮਕਾਨ ਮਾਲਕਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਰਾਏ 'ਤੇ ਮਕਾਨ ਦੇਣ ਤੋਂ ਪਹਿਲਾਂ ਕਿਰਾਏਦਾਰਾਂ ਦੇ ਜਾਇਜ਼ ਪਛਾਣ ਪੱਤਰ ਜ਼ਰੂਰ ਚੈੱਕ ਕੀਤੇ ਜਾਣ ਅਤੇ ਉਨ੍ਹਾਂ ਦੀ ਜਾਣਕਾਰੀ ਪੁਲਿਸ ਨੂੰ ਲਾਜ਼ਮੀ ਤੌਰ 'ਤੇ ਦਿੱਤੀ ਜਾਵੇ | ਜੇਕਰ ਕੋਈ ਮਕਾਨ ਮਾਲਕ ਬਿਨਾਂ ਪਛਾਣ ਪੱਤਰ ਦੇ ਕਿਸੇ ਨੂੰ ਮਕਾਨ ਕਿਰਾਏ 'ਤੇ ਦਿੰਦਾ ਹੈ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਨਹੀਂ ਦਿੰਦਾ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਪਰਚਾ ਦਰਜ ਕੀਤਾ ਜਾਵੇਗਾ | ਐੱਸ. ਐੱਸ. ਪੀ. ਨੇ ਦੱਸਿਆ ਕਿ ਸਥਾਨਕ ਲੋਕ ਪੁਲਿਸ ਨਾਲ ਸਹਿਯੋਗ ਕਰ ਰਹੇ ਹਨ | ਇਸ ਆਪ੍ਰੇਸ਼ਨ 'ਚ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕਰੀਬ 35 ਤੋਂ 40 ਪੁਲਿਸ ਟੀਮਾਂ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ |