ਜਲਾਲਾਬਾਦ, 23 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਕਿਸਾਨ ਮਜ਼ਦੂਰ ਮੋਰਚਾ ਵਲੋਂ ਬਿਜਲੀ ਦੇ ਨਿੱਜੀਕਰਨ ਦੇ ਵਿਰੋਧ ਵਿਚ ਕੀਤੇ ਐਲਾਨ 'ਤੇ ਚੱਲਦਿਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜਪੁਰ ਦੇ ਜ਼ੋਨ ਸ਼ਹੀਦ ਭਗਤ ਸਿੰਘ ਵਲੋਂ ਪਿੰਡਾਂ 'ਚ ਵੱਡੇ ਪੱਧਰ 'ਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਵਲੋਂ ਲਗਾਏ ਸਮਾਰਟ ਮੀਟਰਾਂ ਨੂੰ ਉਤਾਰਨ ਦੀ ਮੁਹਿੰਮ ਨੂੰ ਭਰਵਾ ਸਹਿਯੋਗ ਮਿਲਿਆ | ਇਸ ਬਾਰੇ ਜ਼ੋਨ ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਗੁਰਬਖ਼ਸ਼ ਸਿੰਘ, ਜ਼ੋਨ ਆਗੂ ਬਲਦੇਵ ਸਿੰਘ ਸਾਬਕਾ ਸਰਪੰਚ ਤੇ ਪਰਮਜੀਤ ਕੌਰ ਜ਼ੋਨ ਖ਼ਜ਼ਾਨਚੀ ਨੇ ਕਿਹਾ ਕਿ ਬਿਜਲੀ ਖਪਤਕਾਰਾਂ ਨੂੰ ਮੀਟਰ ਲੱਗਣ ਤੇ ਇਤਰਾਜ਼ ਨਹੀਂ ਪਰ ਪ੍ਰੀਪੇਡ ਮੀਟਰ ਦੀ ਜਗ੍ਹਾ ਰਿਵਾਇਤੀ ਮਕੈਨੀਕਲ ਮੀਟਰ ਲਗਾਇਆ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਪਿਛਲੇ ਸਮੇਂ ਦੌਰਾਨ ਹੋਈਆਂ ਮੀਟਿੰਗਾਂ ਵਿਚ ਕੋਰਾ ਝੂਠ ਬੋਲਦੇ ਰਹੇ ਹਨ ਕਿ ਇਹ ਮੀਟਰ ਪ੍ਰੀਪੇਡ ਨਹੀਂ ਹਨ, ਪਰ ਹੁਣ ਇਹ ਖ਼ੁਦ ਮੰਨ ਚੁੱਕੇ ਹਨ ਕਿ ਇਨ੍ਹਾਂ 'ਚ ਮੋਬਾਈਲ ਵਾਂਗ ਪਹਿਲਾ ਪੈਸੇ ਪਿਆ ਕਰਨਗੇ ਅਤੇ ਫਿਰ ਬਿਜਲੀ ਦੀ ਸੁਵਿਧਾ ਮਿਲੇਗੀ, ਸੋ ਇਸ ਤਰੀਕੇ ਜਦੋਂ ਬਿਜਲੀ ਸੋਧ ਬਿੱਲ ਨਾਲ ਇਸ ਮੀਟਰ ਨੂੰ ਜੋੜ ਕੇ ਦੇਖਿਆ ਜਾਵੇਗਾ ਤਾਂ ਸਮਝ ਆਵੇਗੀ ਕਿ ਸਰਕਾਰ ਉਸ ਬਿੱਲ ਰਾਹੀਂ ਕਰੋਸ ਸਬਸਿਡੀ ਬੰਦ ਕਰਕੇ ਲੋਕਾਂ ਨੂੰ ਮਹਿੰਗੇ ਰੇਟਾਂ ਤੇ ਬਿਜਲੀ ਦੇਣ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ, ਜਿਸ ਤਹਿਤ ਲੋਕਾਂ ਕੋਲੋਂ ਭਾਰੀ ਬਿੱਲ ਐਡਵਾਂਸ 'ਚ ਇਕੱਠੇ ਕਰਨ ਲਈ ਇਹ ਦਾਅ ਖੇਡਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ 'ਚ ਇਹ ਮੁਹਿੰਮ ਹੋਰ ਵੀ ਤੇਜ਼ ਹੋਵੇਗੀ ਤੇ ਬਿਜਲੀ ਸੋਧ ਬਿੱਲ 2025 ਦੇ ਖਰੜੇ ਦਾ ਸਖ਼ਤ ਵਿਰੋਧ ਜਾਰੀ ਰਹੇਗਾ ਤੇ ਇਸ ਬਿੱਲ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਬੀਤੇ ਦਿਨ ਸਥਾਨਕ ਬਿਜਲੀ ਘਰ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਇਸ ਦੇ ਨਾਲ ਹੀ ਜਲਾਲਾਬਾਦ ਦੇ ਪਿੰਡਾਂ ਵਿਚੋਂ ਪ੍ਰੀਪੇਡ ਪੱੁਟ ਕੇ ਜਲਾਲਾਬਾਦ ਵਿਖੇ ਜਮ੍ਹਾ ਕਰਵਾਏ ਗਏ ਹਨ | ਇਸ ਮੌਕੇ ਹਾਜ਼ਰ ਆਗੂ ਬਿੰਦਰ ਸਿੰਘ, ਕਸ਼ਮੀਰ ਸਿੰਘ, ਬਿੱਟੂ ਸਿੰਘ, ਸੁਰਜੀਤ ਸਿੰਘ, ਲਾਭ ਸਿੰਘ, ਸੁਖਦੇਵ ਸਿੰਘ, ਜੰਗੀਰ ਕੌਰ, ਪ੍ਰਵੀਨ ਰਾਣੀ, ਸੀਮਾ ਰਾਣੀ, ਸੋਮਾ ਰਾਣੀ, ਸੰਤੋਂ ਬਾਈ ਤੇ ਹੋਰ ਮੈਂਬਰ ਹਾਜ਼ਰ ਸਨ |