ਫ਼ਾਜ਼ਿਲਕਾ, 30 ਜਨਵਰੀ (ਦਵਿੰਦਰ ਪਾਲ ਸਿੰਘ)-ਵਧੀਕ ਡਿਪਟੀ ਕਮਿਸ਼ਨਰ ਡਾ. ਮਨਦੀਪ ਕੌਰ ਨੇ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਤੇ ਭਲਾਈ ਐਕਟ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਦਿਆਂ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਦਫ਼ਤਰਾਂ ਵਿਖੇ ਬਜ਼ੁਰਗਾਂ ਨੂੰ ਮਾਣ ਸਤਿਕਾਰ ਦੇਣਾ ਸਾਡਾ ਮੁੱਢਲਾ ਫ਼ਰਜ਼ ਹੈ | ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗ ਸਾਡਾ ਮਾਣ ਹਨ ਤੇ ਬਜ਼ੁਰਗਾਂ ਦੀ ਦੇਖਭਾਲ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ | ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਫ਼ਤਰ ਵਿਖੇ ਕੰਮ ਕਰਵਾਉਣ ਆਉਣ ਵਾਲੇ ਬਜ਼ੁਰਗ ਨਾਗਰਿਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਲਈ ਪਹਿਲ ਦੇ ਆਧਾਰ 'ਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਸੇਵਾਵਾਂ ਦਾ ਲਾਹਾ ਮੁਹੱਈਆ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਦਫ਼ਤਰਾਂ ਵਿਖੇ ਬਜ਼ੁਰਗਾਂ ਲਈ ਸਪੈਸ਼ਲ ਕਾਉਂਟਰ ਲਗਾਏ ਜਾਣ ਤਾਂ ਜੋ ਨਾਲ ਦੀ ਨਾਲ ਉਨ੍ਹਾਂ ਨੂੰ ਸੇਵਾਵਾਂ ਦਿੱਤੀਆਂ ਜਾ ਸਕਣ | ਉਨ੍ਹਾਂ ਸਿਹਤ ਵਿਭਾਗ, ਪੁਲਿਸ ਵਿਭਾਗ, ਸਾਂਝ ਕੇਂਦਰ, ਸੇਵਾ ਕੇਂਦਰ, ਬੈਂਕਾਂ ਸਮੇਤ ਹੋਰਨਾਂ ਪਬਲਿਕ ਡਿਲਿੰਗ ਵਿਭਾਗਾਂ ਜਿਥੇ ਬਜ਼ੁਰਗਾਂ ਦਾ ਦਫ਼ਤਰੀ ਕੰਮ ਹੁੰਦਾ ਹੈ, ਤਰਜੀਹ ਦੇ ਆਧਾਰ 'ਤੇ ਕੰਮ ਕੀਤੇ ਜਾਣ ਦੀਆਂ ਹਦਾਇਤਾਂ ਕੀਤੀਆਂ | ਉਨ੍ਹਾਂ ਕਿਹਾ ਕਿ ਬਜ਼ੁਰਗਾਂ ਲਈ ਟੋਲ ਫ਼੍ਰੀ ਨੰਬਰ 14567 ਵੀ ਜਾਰੀ ਕੀਤਾ ਹੋਇਆ ਹੈ ਜਿਥੇ ਬਜ਼ੁਰਗ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸ਼ਿਕਾਇਤ ਲਈ ਸੰਪਰਕ ਕਰ ਸਕਦੇ ਹਨ | ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗੜ੍ਹਵਾਲ, ਰੈੱਡ ਕਰਾਸ ਤੋਂ ਸੰਜੀਵ ਸੇਠੀ, ਸੀ. ਡੀ. ਪੀ. ਓ. ਮੈਡਮ ਨਵਦੀਪ, ਸੇਵਾ ਕੇਂਦਰ ਤੋਂ ਕੁਨਾਲ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ |