ਅਬੋਹਰ, 30 ਜਨਵਰੀ (ਵਿਵੇਕ ਹੂੜੀਆ)-ਸਥਾਨਕ ਵਾਹਿਗੁਰੂ ਕਾਲਜ ਵਿਖੇ ਇਤਿਹਾਸ ਵਿਭਾਗ ਵਲੋਂ ਸ਼ਹੀਦ ਦਿਵਸ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ, ਜਿਸ 'ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ | ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਪਿ੍ੰਸੀਪਲ ਡਾ. ਸੰਦੇਸ਼ ਤਿਆਗੀ ਨੇ ਕੀਤੀ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਸੰਦੇਸ਼ ਤਿਆਗੀ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਜਾਤ, ਧਰਮ, ਡਰ ਤੇ ਰੁਤਬੇ ਵਰਗੀਆਂ ਸੀਮਾਵਾਂ ਤੋਂ ਉੱਪਰ ਉੱਠ ਜਾਂਦਾ ਹੈ ਤਾਂ ਉਹ 'ਗਾਂਧੀ' ਬਣ ਜਾਂਦਾ ਹੈ | ਮਹਾਤਮਾ ਗਾਂਧੀ ਨੇ ਇਨ੍ਹਾਂ ਸੀਮਾਵਾਂ ਤੋਂ ਪਾਰ ਜਾ ਕੇ ਆਜ਼ਾਦੀ ਦੇ ਸੰਗਰਾਮ ਵਿਚ ਭਾਰਤ ਦੀ ਜਨਤਾ ਨੂੰ ਇਕ ਸੂਤਰ ਵਿਚ ਪਰੋਇਆ ਅਤੇ ਅੰਦੋਲਨ ਦੀ ਅਗਵਾਈ ਕੀਤੀ | ਉਨ੍ਹਾਂ ਕਿਹਾ ਕਿ ਅੱਜ ਗਾਂਧੀ ਸਿਰਫ਼ ਇਕ ਵਿਅਕਤੀ ਨਹੀਂ, ਸਗੋਂ ਪੂਰੀ ਦੁਨੀਆ 'ਚ ਇਕ ਵਿਚਾਰਧਾਰਾ ਵਜੋਂ ਜਾਣੇ ਜਾਂਦੇ ਹਨ | ਦੁਨੀਆ ਦੇ ਵੱਡੇ ਲੋਕਤੰਤਰੀ ਨੇਤਾ ਗਾਂਧੀ ਜੀ ਨੂੰ ਆਪਣਾ ਆਦਰਸ਼ ਮੰਨਦੇ ਹਨ | ਅੰਗਰੇਜ਼ੀ ਦੇ ਸਹਾਇਕ ਪ੍ਰੋਫੈਸਰ ਰਾਕੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਦੇ ਸਮੇਂ ਵਿਚ ਦੇਸ਼ ਨੂੰ ਗਾਂਧੀਵਾਦੀ ਵਿਚਾਰਧਾਰਾ ਦੀ ਬਹੁਤ ਲੋੜ ਹੈ | ਉਨ੍ਹਾਂ ਕਿਹਾ ਕਿ ਸਾਰੇ ਮਹਾਂਪੁਰਸ਼ ਸਾਡੇ ਲਈ ਪ੍ਰੇਰਨਾ ਦਾ ਸਰੋਤ ਹਨ | ਇਸ ਮੌਕੇ ਬੀ. ਏ. ਪਹਿਲੇ ਸਾਲ ਦੀ ਵਿਦਿਆਰਥਣ ਨੀਲਮ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਪ੍ਰੋਗਰਾਮ ਦਾ ਮੰਚ ਸੰਚਾਲਨ ਇਤਿਹਾਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਰਿਸ਼ੂ ਕੁਮਾਰ ਨੇ ਨਿਭਾਇਆ | ਇਸ ਮੌਕੇ ਡਾ. ਬਲਜੀਤ ਕੌਰ, ਡਾ. ਸੁਨੀਤਾ ਸੋਨੀ, ਕਿਰਨਦੀਪ ਕੌਰ ਤੇ ਰਾਜਵੀਰ ਕੌਰ ਸਮੇਤ ਹੋਰ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |