ਅਬੋਹਰ, 3 ਫਰਵਰੀ (ਵਿਵੇਕ ਹੂੜੀਆ/ਸੁਖਜੀਤ ਸਿੰਘ ਬਰਾੜ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਗੁਲਾਬੀ ਸੁੰਡੀ ਦੇ ਪ੍ਰਕੋਪ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਬਲਾਕ ਖੁਈਆਂ ਸਰਵਰ ਦੇ ਪਿੰਡ ਕੋਇਲ ਖੇੜਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ | ਮੁੱਖ ਖੇਤੀਬਾੜੀ ਅਫ਼ਸਰ ਸ੍ਰੀਮਤੀ ਹਰਪ੍ਰੀਤ ਪਾਲ ਕੌਰ ਤੇ ਬਲਾਕ ਖੇਤੀਬਾੜੀ ਅਫ਼ਸਰ ਪਰਮਿੰਦਰ ਸਿੰਘ ਧਾਂਝੂ ਦੀ ਰਹਿਨੁਮਾਈ ਹੇਠ ਕਰਵਾਏ ਗਏ ਪ੍ਰੋਗਰਾਮ 'ਚ ਕਿਸਾਨਾਂ ਨੂੰ ਕਪਾਹ ਦੀ ਫ਼ਸਲ ਦੇ ਬਚੇ ਹੋਏ ਅਵਸ਼ੇਸ਼ਾਂ ਦੇ ਨਿਪਟਾਰੇ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ | ਇਸ ਮੌਕੇ ਖੇਤੀ ਵਿਕਾਸ ਅਫ਼ਸਰ ਦਿਨੇਸ਼ ਕੁਮਾਰ ਤੇ ਏ. ਐੱਸ. ਆਈ. ਪ੍ਰਦੀਪ ਕੁਮਾਰ ਨੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਪਾਹ ਦੀਆਂ ਛੱਟੀਆਂ ਉੱਪਰ ਬਚੇ ਹੋਏ ਪ੍ਰਭਾਵਿਤ ਟੀਂਡੇ ਗੁਲਾਬੀ ਸੁੰਡੀ ਲਈ ਪਨਾਹਗਾਹ ਦਾ ਕੰਮ ਕਰਦੇ ਹਨ | ਜੇਕਰ ਇਨ੍ਹਾਂ ਨੂੰ ਸਮੇਂ ਸਿਰ ਨਸ਼ਟ ਨਾ ਕੀਤਾ ਗਿਆ ਤਾਂ ਇਹ ਅਗਲੇ ਸੀਜ਼ਨ ਦੀ ਫ਼ਸਲ ਲਈ ਵੱਡਾ ਖ਼ਤਰਾ ਬਣ ਸਕਦੇ ਹਨ | ਉਨ੍ਹਾਂ ਸਲਾਹ ਦਿੱਤੀ ਕਿ ਇਨ੍ਹਾਂ ਟੀਂਡਿਆਂ ਨੂੰ ਛੱਟੀਆਂ ਤੋਂ ਹਟਾ ਕੇ ਮਿੱਟੀ 'ਚ ਦਬਾ ਦਿੱਤਾ ਜਾਵੇ ਜਾਂ ਵਿਗਿਆਨਕ ਤਰੀਕੇ ਨਾਲ ਨਸ਼ਟ ਕੀਤਾ ਜਾਵੇ | ਕੈਂਪ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਡਾ. ਜਗਦੀਸ਼ ਅਰੋੜਾ ਨੇ ਦੱਸਿਆ ਕਿ ਫ਼ਸਲ ਦੇ ਰਹਿੰਦ-ਖੂੰਹਦ ਦੀ ਸਹੀ ਸੰਭਾਲ ਨਾਲ ਜਿਥੇ ਕੀੜਿਆਂ ਦੇ ਜੀਵਨ ਚੱਕਰ ਨੂੰ ਤੋੜਿਆ ਜਾ ਸਕਦਾ ਹੈ, ਉਥੇ ਹੀ ਰਸਾਇਣਿਕ ਜ਼ਹਿਰਾਂ ਦੇ ਖ਼ਰਚੇ 'ਚ ਵੀ ਕਮੀ ਆਉਂਦੀ ਹੈ | ਇਸ ਨਾਲ ਮਿੱਟੀ ਦੀ ਸਿਹਤ ਤੇ ਉਪਜਾਊ ਸ਼ਕਤੀ 'ਚ ਵੀ ਸੁਧਾਰ ਹੁੰਦਾ ਹੈ | ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਦੀਆਂ ਸਲਾਹਾਂ ਦੀ ਪਾਲਨਾ ਕਰਨ ਅਤੇ ਕਿਸੇ ਵੀ ਸਮੱਸਿਆ ਲਈ ਤੁਰੰਤ ਮਾਹਿਰਾਂ ਨਾਲ ਸੰਪਰਕ ਕਰਨ |