ਅਬੋਹਰ, 3 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ)-ਸਥਾਨਕ ਉਪ ਮੰਡਲ ਮੈਜਿਸਟਰੇਟ ਕਿ੍ਸ਼ਨਾ ਪਾਲ ਰਾਜਪੂਤ ਨੇ ਐੱਸ. ਐੱਸ. ਸੀ., ਜੀ. ਡੀ. ਭਰਤੀ 'ਚ ਚੁਣੇ ਗਏ ਨੌਜਵਾਨਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਨੌਕਰੀ ਦੀ ਵਧਾਈ ਦਿੰਦੇ ਉਤਸ਼ਾਹਿਤ ਕੀਤਾ | ਉਨ੍ਹਾਂ ਨਾਲ ਹੀ ਨੌਜਵਾਨਾਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਉਨ੍ਹਾਂ ਨੂੰ ਇਮਾਨਦਾਰੀ ਤੇ ਪੂਰੀ ਲਗਨ ਨਾਲ ਸੇਵਾ ਕਰਨ ਦਾ ਸੰਦੇਸ਼ ਵੀ ਦਿੱਤਾ | ਉਨ੍ਹਾਂ ਕਿਹਾ ਕਿ ਨੌਕਰੀ ਪ੍ਰਾਪਤ ਕਰਨਾ ਅੰਤ ਨਹੀਂ ਸਗੋਂ ਅਸਲ ਜ਼ਿੰਮੇਵਾਰੀ ਦੀ ਸ਼ੁਰੂਆਤ ਹੈ ਤੇ ਇਸ ਤੋਂ ਬਾਅਦ ਮਿਹਨਤ ਦੁੱਗਣੀ ਕਰਨੀ ਪੈਂਦੀ ਹੈ | ਸਮਾਜ ਸੇਵੀ ਗਗਨ ਚੁੱਘ ਨੇ ਕਿਹਾ ਕਿ ਨੌਕਰੀ ਦੇ ਨਾਲ-ਨਾਲ ਸਮਾਜ ਦੇ ਪ੍ਰਤੀ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਚਾਹੀਦੀਆਂ ਹਨ | ਅਕੈਡਮੀ ਦੇ ਕੋਚ ਬਾਵਾ ਨੇ ਦੱਸਿਆ ਕਿ ਇਸ ਅਕੈਡਮੀ ਦੀ ਮਦਦ ਨਾਲ ਹੁਣ ਤੱਕ 30 ਤੋਂ ਜ਼ਿਆਦਾ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਪ੍ਰਾਪਤ ਹੋਈ ਹੈ ਜੋ ਕਿ ਸਾਡੇ ਖੇਤਰ ਦੇ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਸੁਪਰੀਡੈਂਟ ਮੈਡਮ ਹਰਦੀਪ ਕੌਰ, ਰੀਡਰ ਦਵਿੰਦਰ ਕੁਮਾਰ, ਊਸ਼ਾ ਕੰਬੋਜ, ਨੀਲਮ ਰਾਣੀ, ਸੋਨੂੰ ਕਟਾਰੀਆ ਆਦਿ ਨੇ ਚੁਣੇ ਗਏ ਨੌਜਵਾਨਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਆਸ ਕੀਤੀ ਹੈ |