ਫ਼ਾਜ਼ਿਲਕਾ, 3 ਫਰਵਰੀ (ਦਵਿੰਦਰ ਪਾਲ ਸਿੰਘ)-ਸ਼ਹਿਰ ਦੇ ਗਾਂਧੀ ਨਗਰ ਇਲਾਕੇ 'ਚ ਪਿਛਲੇ ਦੋ ਸਾਲਾਂ ਤੋਂ ਦਹਿਸ਼ਤ ਦਾ ਪ੍ਰਤੀਕ ਬਣੇ ਇਕ ਲਾਵਾਰਸ ਕੁੱਤੇ ਨੂੰ ਸਥਾਨਕ ਲੋਕਾਂ ਨੇ ਬੜੀ ਮਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ | ਦੱਸਿਆ ਜਾ ਰਿਹਾ ਹੈ ਕਿ ਇਹ ਕੁੱਤਾ ਹੁਣ ਤੱਕ ਮੁਹੱਲੇ ਦੇ 50 ਤੋਂ ਵੱਧ ਬੱਚਿਆਂ ਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਸੀ | ਪੁਲਿਸ ਤੇ ਪ੍ਰਸ਼ਾਸਨ ਵਲੋਂ ਕੋਈ ਹੱਲ ਨਾ ਹੁੰਦਾ ਦੇਖ ਅੱਜ ਲੋਕਾਂ ਨੇ ਖ਼ੁਦ ਹਿੰਮਤ ਕਰਕੇ ਇਸ ਨੂੰ ਫੜਿਆ ਅਤੇ ਸ਼ਹਿਰ ਤੋਂ ਦੂਰ ਸੁਰੱਖਿਅਤ ਥਾਂ 'ਤੇ ਛੱਡ ਦਿੱਤਾ | ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀ ਅਰੁਣ ਕੁਮਾਰ ਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਕੁੱਤਾ ਪਿਛਲੇ ਦੋ ਸਾਲਾਂ ਤੋਂ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਸੀ | ਪਹਿਲਾਂ ਇਹ ਕਦੇ-ਕਦਾਈਾ ਕਿਸੇ ਨੂੰ ਵੱਢਦਾ ਸੀ, ਪਰ ਪਿਛਲੇ ਕੁੱਝ ਸਮੇਂ ਤੋਂ ਇਸ ਨੇ ਰੋਜ਼ਾਨਾ ਲੋਕਾਂ 'ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ | ਦਹਿਸ਼ਤ ਇੰਨੀ ਜ਼ਿਆਦਾ ਸੀ ਕਿ ਬੱਚਿਆਂ ਨੇ ਗਲੀਆਂ 'ਚ ਖੇਡਣਾ ਬੰਦ ਕਰ ਦਿੱਤਾ ਸੀ ਅਤੇ ਮਾਪਿਆਂ ਨੂੰ ਬੱਚਿਆਂ ਨੂੰ ਸਕੂਲ ਛੱਡਣ ਅਤੇ ਲੈ ਕੇ ਆਉਣ ਲਈ ਖ਼ੁਦ ਨਾਲ ਜਾਣਾ ਪੈਂਦਾ ਸੀ | ਸਥਾਨਕ ਲੋਕਾਂ ਅਨੁਸਾਰ ਉਨ੍ਹਾਂ ਨੇ ਕਈ ਵਾਰ ਨਗਰ ਕੌਂਸਲ ਨੂੰ ਸ਼ਿਕਾਇਤ ਕੀਤੀ ਕਿ ਇਸ ਖ਼ਤਰਨਾਕ ਕੁੱਤੇ ਨੂੰ ਫੜਿਆ ਜਾਵੇ, ਪਰ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਅਖੀਰ ਅੱਜ ਮੁਹੱਲਾ ਵਾਸੀ ਇਕੱਠੇ ਹੋਏ ਅਤੇ ਕਰੀਬ ਇਕ ਘੰਟੇ ਦੀ ਮਿਹਨਤ ਤੋਂ ਬਾਅਦ ਕੁੱਤੇ ਨੂੰ ਕਾਬੂ ਕਰ ਲਿਆ | ਕੁੱਤੇ ਨੂੰ ਇਕ ਜੁਗਾੜੂ ਵਾਹਨ (ਰੇਹੜੇ) ਵਿਚ ਲੱਦ ਕੇ ਸ਼ਹਿਰ ਦੀ ਹੱਦ ਤੋਂ ਬਾਹਰ ਛੱਡਿਆ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਚੈਨ ਦੀ ਨੀਂਦ ਸੌਣ ਦੀ ਉਮੀਦ ਜਤਾਈ |