ਫ਼ਾਜ਼ਿਲਕਾ, 23 ਫਰਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਸੂਬਾ ਵਿਆਪੀ ਹੜਤਾਲ ਦੇ ਮੱਦੇਨਜ਼ਰ ਫ਼ਾਜ਼ਿਲਕਾ ਦੇ ਸਮੂਹ ਵਕੀਲਾਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਦਿਆਂ ਰੋਸ ਧਰਨਾ ਦਿੱਤਾ | ਹਾਜ਼ਰ ਵਕੀਲਾਂ ਨੇ ਲੀਗਲ ਏਡ ਡਿਫੈਂਸ ਕੌਂਸਲ ਦੇ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕਰਦਿਆਂ ਕੌਂਸਲ ਦੇ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਪ੍ਰਧਾਨ ਸੁਤੰਤਰਜੋਤ ਸਿੰਘ ਗਿੱਲ ਨੇ ਕਿਹਾ ਕਿ ਨਵੇਂ ਕਾਨੂੰਨ ਅਨੁਸਾਰ ਵਕੀਲਾਂ ਦੇ ਹੱਕਾਂ 'ਤੇ ਭਾਰੀ ਡਾਕਾ ਵੱਜਿਆ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਲੀਗਲ ਏਡ ਸਰਵਿਸ ਦੇ ਨਿਯਮਾਂ ਅਨੁਸਾਰ ਕੰਮ ਚੱਲ ਰਿਹਾ ਸੀ ਉਸੇ ਤਰ੍ਹਾਂ ਚੱਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਵਕੀਲਾਂ ਦਾ ਆਰਥਿਕ ਸ਼ੋਸ਼ਣ ਕੀਤਾ ਗਿਆ ਹੈ | ਰੋਸ ਪ੍ਰਦਰਸ਼ਨ ਤੋਂ ਬਾਅਦ ਵਕੀਲਾਂ ਨੇ ਅਦਾਲਤ ਦੇ ਅਹਾਤੇ 'ਚ ਧਰਨਾ ਦਿੱਤਾ | ਇਸ ਮੌਕੇ ਮਹਾਵੀਰ ਭਾਟੀਵਾਲ, ਰਾਜਿੰਦਰ ਚੁਚਰਾ, ਚੰਦਨ ਚੁਚਰਾ, ਰਮੇਸ਼ ਮੁੰਜਾਲ, ਰਾਹਿਲ ਬਿਰਲਾ, ਰਜੇਸ਼ ਸਚਦੇਵਾ, ਰਮੇਸ਼ ਬਿਰਲਾ, ਕਰਨ ਮੈਣੀ, ਸਵਿੰਦਰ ਸਿੰਘ ਜਾਖ਼ਲ, ਸੁਖਦੇਵ ਸਿੰਘ ਮਾਨ, ਨਰਿੰਦਰ ਮੈਣੀ, ਰਮਨਦੀਪ ਸਿੰਘ ਸਿੱਧੂ, ਨੀਰੂ ਬਜਾਜ, ਸ਼ਿਲਪਾ ਵਢੇਰਾ ਆਦਿ ਮਹਿਲਾ ਮੈਂਬਰ ਵੀ ਹਾਜ਼ਰ ਸਨ | ਪ੍ਰਧਾਨ ਗਿੱਲ ਨੇ ਕਿਹਾ ਕਿ ਜੋ ਫ਼ੈਸਲਾ ਸੂਬਾ ਪੱਧਰ 'ਤੇ 27 ਤਰੀਕ ਤੱਕ ਹੜਤਾਲ ਦਾ ਹੋਇਆ ਹੈ ਉਹ ਨਿਰੰਤਰ ਜਾਰੀ ਰਹੇਗਾ |