ਫ਼ਾਜ਼ਿਲਕਾ, 9 ਮਾਰਚ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪੰਜਾਬ ਭਰ ਵਿਚ ਸ਼ੁਰੂ ਕੀਤੀ ਗਈ ਜ਼ਿਲ੍ਹਾ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ 14 ਮਾਰਚ ਨੂੰ ਫ਼ਾਜ਼ਿਲਕਾ ਦੇ ਪਿੰਡ ਰਾਮਪੁਰਾ ਵਿਖੇ ਵਿਸ਼ਾਲ 'ਕਿਸਾਨ ਪੰਚਾਇਤ' ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੀ ਇਸ ਪੰਚਾਇਤ ਵਿਚ ਸੂਬਾ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਕਿਸਾਨਾਂ ਨਾਲ ਵਿਚਾਰ ਸਾਂਝੇ ਕਰਨਗੇ | ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਸ ਪੰਚਾਇਤ ਦੌਰਾਨ ਪੰਜ ਮੁੱਖ ਮੰਗਾਂ 'ਤੇ ਕੇਂਦਰਿਤ ਰਣਨੀਤੀ ਉਲੀਕੀ ਜਾਵੇਗੀ | ਇਨ੍ਹਾਂ ਵਿਚ ਨਕਲੀ ਦੁੱਧ ਦੀ ਵਿੱਕਰੀ 'ਤੇ ਪਾਬੰਦੀ ਲਗਾਉਣਾ, ਕੋਆਪਰੇਟਿਵ ਸੁਸਾਇਟੀਆਂ ਦੇ ਕਰਜ਼ੇ ਮਾਫ਼ ਕਰਵਾਉਣਾ, ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਵਾਉਣਾ, ਸੀਡ ਬਿੱਲ ਦਾ ਵਿਰੋਧ ਅਤੇ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਸ਼ਾਮਲ ਹੈ | ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਇਹ ਪੰਚਾਇਤ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇਗੀ | ਜ਼ਿਲ੍ਹਾ ਪ੍ਰਧਾਨ ਅਤੇ ਸਮੂਹ ਅਹੁਦੇਦਾਰਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿਚ ਇਸ ਪੰਚਾਇਤ 'ਚ ਸ਼ਾਮਲ ਹੋਣ ਤਾਂ ਜੋ ਕਿਸਾਨੀ ਮਸਲਿਆਂ ਦੇ ਹੱਲ ਲਈ ਇੱਕਜੁੱਟ ਹੋ ਕੇ ਦਬਾਅ ਬਣਾਇਆ ਜਾ ਸਕੇ |