ਅਬੋਹਰ, 10 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 'ਤੇ ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਵਿਖੇ ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਹ ਪ੍ਰੋਗਰਾਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਲਜ ਦੇ ਵਿਮੈਨ ਸਟੱਡੀਜ਼ ਸੈਂਟਰ ਅਤੇ ਹਿੰਦੀ ਵਿਭਾਗ ਦੇ ਸਹਿਯੋਗ ਨਾਲ ਸਫਲਤਾਪੂਰਵਕ ਨੇਪਰੇ ਚਾੜਿ੍ਹਆ ਗਿਆ | ਇਸ ਮੌਕੇ ਮੁੱਖ ਬੁਲਾਰੇ ਵਜੋਂ ਐਡਵੋਕੇਟ ਨਿਧੀ ਬੇਰੀ ਨੇ ਵਿਦਿਆਰਥੀਆਂ ਨੂੰ ਔਰਤਾਂ ਨਾਲ ਸੰਬੰਧਿਤ ਵੱਖ-ਵੱਖ ਕਾਨੂੰਨੀ ਅਧਿਕਾਰਾਂ ਅਤੇ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨੇ ਜਿਨਸੀ ਸ਼ੋਸ਼ਣ ਅਤੇ ਹੋਰ ਅਪਰਾਧਾਂ ਦੀਆਂ ਪੀੜਤ ਔਰਤਾਂ ਲਈ ਮੁਆਵਜ਼ਾ ਸਕੀਮ, ਤੇਜ਼ਾਬ ਹਮਲੇ ਦੇ ਪੀੜਤਾਂ ਲਈ ਉਪਲਬਧ ਕਾਨੂੰਨੀ ਸਹਾਇਤਾ, ਮਨੁੱਖੀ ਤਸਕਰੀ ਅਤੇ ਵਪਾਰਕ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਸਕੀਮਾਂ ਬਾਰੇ ਵੀ ਦੱਸਿਆ | ਲੀਗਲ ਵਲੰਟੀਅਰ ਸ੍ਰੀ ਭੁਪਿੰਦਰ ਉਤਰੇਜਾ ਅਤੇ ਸ੍ਰੀ ਦਰਸ਼ਨ ਲਾਲ ਚੁੱਘ ਨੇ ਵੀ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਵਿਦਿਆਰਥਣਾਂ ਦਾ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਾਰੇ ਮਾਰਗਦਰਸ਼ਨ ਕੀਤਾ | ਇਸ ਪ੍ਰੋਗਰਾਮ ਦੌਰਾਨ ਗੋਪੀ ਚੰਦ ਆਰਿਆ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਵਲ਼ੋਂ ਅੱਜ ਔਰਤਾਂ ਦੀ ਸਥਿਤੀ ਅਤੇ ਉਨ੍ਹਾਂ ਨੂੰ ਦਰਪੇਸ਼ ਆਉਂਦੀਆਂ ਸਮਾਜਿਕ ਚੁਨੌਤੀਆਂ ਨੂੰ ਦਰਸਾਉਂਦਾ ਇਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ ਗਿਆ | ਜਿਸ ਦੀ ਹਾਜ਼ਰ ਸਰੋਤਿਆਂ ਵਲੋਂ ਸ਼ਲਾਘਾ ਕੀਤੀ ਗਈ | ਇਸ ਤੋਂ ਇਲਾਵਾ ਲੀਗਲ ਵਲੰਟੀਅਰ ਸ਼੍ਰੀ ਭੁਪਿੰਦਰ ਉਤਰੇਜਾ ਦੀ ਟੀਮ ਵਲੋਂ ਇਕ ਜਾਗਰੂਕਤਾ ਨਾਟਕ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਨੇ ਕਿਹਾ ਕਿ ਅਜਿਹੇ ਸੈਮੀਨਾਰ ਨਾ ਸਿਰਫ਼ ਵਿਦਿਆਰਥਣਾਂ ਨੂੰ ਕਾਨੂੰਨੀ ਤੌਰ 'ਤੇ ਜਾਗਰੂਕ ਕਰਦੇ ਹਨ ਸਗੋਂ ਉਨ੍ਹਾਂ ਨੂੰ ਸਵੈ-ਨਿਰਭਰ ਬਣਨ ਅਤੇ ਸਮਾਜ ਵਿਚ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਲਈ ਵੀ ਪ੍ਰੇਰਿਤ ਕਰਦੇ ਹਨ | ਅੰਤ ਵਿਚ ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਅਤੇ ਸ੍ਰੀਮਤੀ ਅਮਨਦੀਪ ਕੌਰ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਸ੍ਰੀਮਤੀ ਅਮਨਦੀਪ ਕੌਰ, ਸ੍ਰੀ ਸੁਨੀਲ ਸੋਨੀ, ਡਾ.ਨੀਰਜ ਮਹਿਤਾ, ਮੈਡਮ ਸ਼ਿਵਾਂਗੀ ਵਿਜ ਅਤੇ ਮੈਡਮ ਊਸ਼ਮਿੰਦਰ ਨੂੰ ਵਧਾਈ ਦਿੱਤੀ